ਇਸਲਾਮਾਬਾਦ : ਪਾਕਿਸਤਾਨ ਨੂੰ ਜਲਦ ਹੀ ਚੀਨ ਤੋਂ ਜੇ-35 ਲੜਾਕੂ ਜਹਾਜ਼ ਮਿਲ ਸਕਦੇ ਹਨ। ਜੇ-35 ਇਕ ਸਟੈਲਥ ਲੜਾਕੂ ਜਹਾਜ਼ ਹੈ, ਜਿਸ ਨੂੰ ਆਮ ਰਾਡਾਰ ਰਾਹੀਂ ਡਿਟੈਕਟ ਕਰਨਾ ਕਾਫੀ ਮੁਸ਼ਕਲ ਹੈ। ਚੀਨ ਨੇ ਇਸ ਨੂੰ ਖ਼ਾਸ ਤੌਰ ’ਤੇ ਉਨ੍ਹਾਂ ਦੇਸ਼ਾਂ ਨੂੰ ਵੇਚਣ ਲਈ ਬਣਾਇਆ ਹੈ, ਜੋ ਪੱਛਮੀ ਲੜਾਕੂ ਜਹਾਜ਼ ਨਹੀਂ ਖ਼ਰੀਦ ਸਕਦੇ। ਚੀਨ ਦੇ ਖ਼ਰੀਦਦਾਰਾਂ ਵਿਚ ਪਾਕਿਸਤਾਨ ਵੀ ਸ਼ਾਮਲ ਹੈ, ਜੋ ਅਮਰੀਕਾ ਦੇ ਐਫ਼-35 ਜੈੱਟ ਖ਼ਰੀਦਣ ਦੇ ਕਾਬਲ ਨਹੀਂ ਹੈ। ਰਿਪੋਰਟਾਂ ਅਨੁਸਾਰ ਪਾਕਿਸਤਾਨ ਚੀਨ ਤੋਂ 40 ਜੇ-35 ਲੜਾਕੂ ਜਹਾਜ਼ ਖ਼ਰੀਦੇਗਾ, ਜਿਸ ਨਾਲ ਦੱਖਣੀ ਏਸ਼ੀਆ ਵਿਚ ਹਵਾਈ ਸ਼ਕਤੀ ਦਾ ਸੰਤੁਲਨ ਬਦਲ ਸਕਦਾ ਹੈ। ਪਾਕਿਸਤਾਨ ਜੇ-35 ਨੂੰ ਖ਼ਾਸ ਤੌਰ ’ਤੇ ਭਾਰਤ ਦੇ ਰਾਫ਼ੇਲ ਲੜਾਕੂ ਜਹਾਜ਼ਾਂ ਦੇ ਤੋੜ ਵਜੋਂ ਖ਼ਰੀਦ ਰਿਹਾ ਹੈ।ਪਾਕਿਸਤਾਨ ਨੇ ਚੀਨ ਦੇ ਨਾਲ ਜੋ ਡੀਲ ਕੀਤੀ ਹੈ, ਉਸ ਦੇ ਤਹਿਤ ਉਸ ਨੂੰ 40 ਜੇ-35 ਲੜਾਕੂ ਜਹਾਜ਼ ਮਿਲਣਗੇ। ਇਸ ਤੋਂ ਇਲਾਵਾ ਚੀਨ ਪਾਕਿਸਤਾਨੀ ਪਾਇਲਟਾਂ ਨੂੰ ਟਰੇਨਿੰਗ ਵੀ ਦੇਵੇਗਾ।





