ਚੰਡੀਗੜ੍ਹ : ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਧੜੇਬੰਦੀ ਅਤੇ ਅੰਦਰੂਨੀ ਵਿਵਾਦਾਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਪਾਰਟੀ ਦਾ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਟੈਲੀਵਿਜ਼ਨ ’ਤੇ ’ਸੱਸ-ਨੂੰਹ’ ਵਾਲੇ ਨਾਟਕਾਂ ਦਾ ਕਲੇਸ਼ ਚਰਚਾ ’ਚ ਰਹਿੰਦਾ ਸੀ, ਪਰ ਉਹ ਨਾਟਕ ਤਾਂ ਮੁੱਕ ਗਏ ਜਦਕਿ ਕਾਂਗਰਸ ਦਾ ਕਲੇਸ਼ ਪਹਿਲਾਂ ਵਾਂਗ ਹੀ ਜਾਰੀ ਹੈ। ਬਿੱਟੂ ਨੇ ਸਿੱਧੇ ਤੌਰ ’ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੂਬਾ ਇੰਚਾਰਜ ਭੁਪੇਸ਼ ਬਘੇਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜਿੱਥੇ ਵੀ ਪਾਰਟੀ ਦੇ ਪ੍ਰੋਗਰਾਮ ਹੋ ਰਹੇ ਹਨ, ਉੱਥੇ ਸਿਰਫ਼ ਵਿਵਾਦ ਅਤੇ ਨਾਰਾਜ਼ਗੀ ਹੀ ਸਾਹਮਣੇ ਆ ਰਹੀ ਹੈ। ਬਿੱਟੂ ਨੇ ਦਾਅਵਾ ਕੀਤਾ ਕਿ ਲੋਕਾਂ ਵੱਲੋਂ ਚੁਣਿਆ ਗਿਆ ਸੰਸਦ ਮੈਂਬਰ ਥਾਂ-ਥਾਂ ਆਪਣੀ ਬੇਇੱਜ਼ਤੀ ਕਰਵਾ ਰਿਹਾ ਹੈ ਅਤੇ ਪਾਰਟੀ ਦੀ ਅੰਦਰੂਨੀ ਲੜਾਈ ਨੂੰ ਜਨਤਕ ਮੰਚਾਂ ਤੱਕ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਅਤੇ ਬਘੇਲ ਦੇ ਪ੍ਰੋਗਰਾਮਾਂ ਵਿੱਚ ਵਰਕਰਾਂ ਦਾ ਉਤਸ਼ਾਹ ਬਿਲਕੁਲ ਗਾਇਬ ਹੈ। ਆਪਣੇ ਸਿਆਸੀ ਜੀਵਨ ਦਾ ਹਵਾਲਾ ਦਿੰਦਿਆਂ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਪਾਰਟੀ ਦੇ ਜਨਰਲ ਸਕੱਤਰ ਦੀ ਅਜਿਹੀ ਹਾਲਤ ਨਹੀਂ ਦੇਖੀ ਜਿਹੋ ਜਿਹੀ ਅੱਜ ਭੁਪੇਸ਼ ਬਘੇਲ ਦੀ ਬਣੀ ਹੋਈ ਹੈ। ਕਾਂਗਰਸ ਦੇ ਵੱਖ-ਵੱਖ ਸਮਾਗਮਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਲੱਗ ਰਹੇ ਨਾਹਰਿਆਂ ਅਤੇ ’ਗੋ ਬੈਕ ਬਘੇਲ’ ਵਾਲੇ ਪੋਸਟਰਾਂ ਦਾ ਜ਼ਿਕਰ ਕਰਦਿਆਂ ਬਿੱਟੂ ਨੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਕਾਂਗਰਸ ਲੀਡਰਸ਼ਿਪ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਪਾਰਟੀ ਇਨ੍ਹਾਂ ਘਟਨਾਵਾਂ ਨੂੰ ਵਿਰੋਧੀਆਂ ਦੀ ਸਾਜ਼ਿਸ਼ ਦੱਸਦੀ ਹੈ, ਤਾਂ ਫਿਰ ਪਾਰਟੀ ਦੀ ਆਪਣੀ ਲੀਡਰਸ਼ਿਪ ਕੀ ਕਰ ਰਹੀ ਹੈ? ਹਰ ਵਾਰ ਵਿਰੋਧੀਆਂ ’ਤੇ ਦੋਸ਼ ਮੜ੍ਹ ਕੇ ਪਾਰਟੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ।





