ਚੰਡੀਗੜ੍ਹ : ਪੰਜਾਬ ਵਿਚ ਮੌਸਮ ਦੀ ਖ਼ਰਾਬੀ ਦੇ ਚਲਦਿਆਂ ਬੇਮੌਸਮੀ ਬਾਰਿਸ਼ ਅਤੇ ਮੀਂਹ ਦੇ ਜਾਰੀ ਰਹਿਣ ਕਾਰਨ ਕਿਸਾਨਾਂ ਦੀ ਵਾਢੀ ਲਈ ਤਿਆਰ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਮਾਲਵੇ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮਾਰ ਪਈ ਹੈ। ਖੇਤੀ ਵਿਭਾਗ ਵੀ ਲਗਾਤਾਰ ਨੁਕਸਾਨ ਦਾ ਜਾਇਜ਼ਾ ਲੈਣ ਦੇ ਕੰਮ ਵਿਚ ਲੱਗਾ ਹੋਇਆ ਹੈ।
ਹੁਣ ਤਕ ਇਕ ਲੱਖ ਏਕੜ ਤੋਂ ਵੱਧ ਫ਼ਸਲ ਦੇ ਨੁਕਸਾਨ ਦਾ ਅਨੁਮਾਨ ਲਾਇਆ ਗਿਆ ਹੈ। ਕਈ ਥਾਈਂ ਤਾਂ ਫ਼ਸਲ 100 ਫ਼ੀ ਸਦੀ ਹੀ ਖ਼ਰਾਬ ਹੋ ਗਈ ਅਤੇ ਪਸ਼ੂਆਂ ਲਈ ਚਾਰਾ ਅਤੇ ਤੂੜੀ ਤਕ ਵੀ ਨਹੀਂ ਬਚੀ। ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਜ਼ਿਲ੍ਹਿਆਂ ਵਿਚ ਜ਼ਿਆਦਾ ਨੁਕਸਾਨ ਹੈ, ਜਿਥੇ ਕਈ ਥਾਈਂ ਇਕ ਇਕ ਪਿੰਡ ਅੰਦਰ ਹੀ ਢਾਈ ਤੋਂ 3000 ਏਕੜ ਤਕ ਫ਼ਸਲ ਤਬਾਹ ਹੋ ਗਈ ਹੈ।
ਫ਼ਾਜ਼ਿਲਕਾ ਜ਼ਿਲ੍ਹੇ ਵਿਚ 40 ਹਜ਼ਾਰ ਏਕੜ, ਸ੍ਰੀ ਮੁਕਤਸਰ ਸਾਹਿਬ ਵਿਚ 36000, ਬਠਿੰਡਾ ਜ਼ਿਲ੍ਹੇ ’ਚ 5000, ਮਾਨਸਾ ’ਚ 4000 ਹਜ਼ਾਰ ਏਕੜ, ਫ਼ਿਰੋਜ਼ਪੁਰ ’ਚ 1000 ਏਕੜ ਫ਼ਸਲ ਦਾ ਨੁਕਸਾਨ ਹੋਣ ਦਾਅਨੁਮਾਨ ਲਾਇਆ ਗਿਆ ਹੈ। ਇਸ ਤੋਂ ਇਲਾਵਾ ਮਾਝੇ ਵਿਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਦੋਆਬਾ ਵਿਚ ਹੁਸ਼ਿਆਰਪੁਰ ਜ਼ਿਲ੍ਹੇ ’ਚ ਮੀਂਹ ਤੇ ਗੜੇਮਾਰੀ ਨਾਲ ਫ਼ਸਲਾਂ ਨੁਕਸਾਨੀਆਂ ਗਈਆਂ।
ਮੀਂਹ ਅਤੇ ਗੜਿਆਂ ਨੇ ਸੂਬੇ ਦੇ ਅੱਧਾ ਦਰਜਨ ਜ਼ਿਲ੍ਹਿਆਂ ਵਿਚ ਫ਼ਸਲਾਂ ਦਾ ਮੁੜ ਵੱਡਾ ਨੁਕਸਾਨ ਕੀਤਾ ਹੈ। ਖੇਤਾਂ ਵਿਚ ਵਾਢੀ ਲਈ ਬਿਲਕੁਲ ਤਿਆਰ ਖੜ੍ਹੀ ਕਣਕ ਦੀ ਫ਼ਸਲ ਮੀਂਹ ਤੇ ਤੇਜ਼ ਹਵਾਵਾਂ ਕਾਰਨ ਵਿਛ ਗਈ ਹੈ। ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਅਬੋਹਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਤਰਨ-ਤਾਰਨ, ਮੋਗਾ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ ਮੀਂਹ ’ਤੇ ਗੜੇ ਪਏ।
ਮੌਸਮ ਵਿਭਾਗ ਨੇ ਕਿਸਾਨਾਂ ਦੇ ਫ਼ਿਕਰ ਹੋਰ ਵਧਾ ਦਿਤੇ ਹਨ। ਵਿਭਾਗ ਅਨੁਸਾਰ 8 ਅਪ੍ਰੈਲ ਤਕ ਪੰਜਾਬ ਵਿਚ ਮੁੜ ਮੌਸਮ ਖ਼ਰਾਬ ਰਹਿ ਸਕਦਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲਣ ਅਤੇ ਗੜੇ ਪੈਣ ਦੀ ਚਿਤਾਵਨੀ ਦਿਤੀ ਗਈ ਹੈ। ਸੂਬੇ ਵਿਚ ਇਸ ਵਾਰ ਕਰੀਬ 34 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋਈ ਹੈ।





