ਹਰਿਆਣਾ : ਹਰਿਆਣਾ ਦੇ ਜੀਂਦ ਵਿੱਚ ਅੱਜ ਹੋਲੀ ਦੇ ਰੰਗ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਚਾਰ ਔਰਤਾਂ ਦੀ ਮੌਤ ਹੋ ਗਈ ਅਤੇ 20 ਮਜ਼ਦੂਰ ਝੁਲਸ ਗਏ। ਇਹ ਘਟਨਾ ਸਫੀਦੋਂ ਦੀ ਭੱਟ ਕਲੋਨੀ ਵਿਚ ਵਾਪਰੀ। ਦੋਸ਼ ਹੈ ਕਿ ਫੈਕਟਰੀ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਸੀ। ਜਦੋਂ ਅੱਗ ਲੱਗੀ ਤਾਂ ਮਜ਼ਦੂਰ ਬਾਹਰ ਨਹੀਂ ਨਿਕਲ ਸਕੇ।
ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਡੀਸੀ ਮੁਹੰਮਦ ਇਮਰਾਨ ਰਜ਼ਾ ਅਤੇ ਪੁਲਿਸ ਸੁਪਰਡੈਂਟ ਕੁਲਦੀਪ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਰਿਪੋਰਟਾਂ ਅਨੁਸਾਰ, ਸਫੀਦੋਂ ਦੀ ਭੱਟ ਕਲੋਨੀ ਵਿੱਚ ਇੱਕ ਫੈਕਟਰੀ ਵਿੱਚ ਲਗਭਗ 30 ਮਜ਼ਦੂਰ ਆਮ ਵਾਂਗ ਕੰਮ ਕਰ ਰਹੇ ਸਨ। ਅਚਾਨਕ ਫੈਕਟਰੀ ਵਿਚ ਅੱਗ ਲੱਗ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਅੱਗ ਪੂਰੇ ਅਹਾਤੇ ਵਿੱਚ ਫੈਲ ਗਈ। ਹਰ ਪਾਸੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਫੈਲ ਗਈਆਂ, ਜਿਸ ਨਾਲ ਉਥੇ ਚੀਕ ਚਿਹਾੜਾ ਮਚ ਗਿਆ।





