ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਜੰਗ ਅਤੇ ਹੋਰ ਅੰਤਰਰਾਸ਼ਟਰੀ ਵਿਵਾਦਾਂ ਨੂੰ ਸੁਲਝਾਉਣ ਲਈ ਇੱਕ ਨਵਾਂ ਮੰਚ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਆਪਣੇ ਪ੍ਰਸਤਾਵਿਤ ‘ਬੋਰਡ ਆਫ਼ ਪੀਸ’ (Board of Peace) ਦੇ ਪਹਿਲੇ ਚਾਰਟਰ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਸ ਬੋਰਡ ਵਿੱਚ ਦੁਨੀਆ ਦੇ ਕਈ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਚੋਟੀ ਦੇ ਆਗੂ ਸ਼ਾਮਲ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਵੀ ਇੱਕ ਮੈਂਬਰ ਦੇਸ਼ ਵਜੋਂ ਸ਼ਾਮਲ ਹੈ। ‘ਬੋਰਡ ਆਫ਼ ਪੀਸ’ ਨੂੰ ਸ਼ੁਰੂਆਤ ਵਿੱਚ ਇਜ਼ਰਾਈਲ-ਫਲਸਤੀਨ ਜੰਗ ਤੋਂ ਬਾਅਦ ਗਾਜ਼ਾ ਦੇ ਪੁਨਰ ਨਿਰਮਾਣ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਲਈ ਤਿਆਰ ਕੀਤਾ ਗਿਆ ਸੀ। ਬਾਅਦ ਵਿੱਚ ਇਸ ਦਾ ਘੇਰਾ ਵਧਾ ਕੇ ਦੁਨੀਆ ਭਰ ਦੇ ਅੰਤਰਰਾਸ਼ਟਰੀ ਸੰਘਰਸ਼ਾਂ ਨੂੰ ਸੁਲਝਾਉਣ ਤੱਕ ਕਰ ਦਿੱਤਾ ਗਿਆ। ਇਸ ਬੋਰਡ ਦੀ ਸਥਾਈ ਮੈਂਬਰਸ਼ਿਪ ਦੀ ਕੀਮਤ 1 ਅਰਬ ਡਾਲਰ ਦੱਸੀ ਗਈ ਹੈ। ਟਰੰਪ ਨੇ ਕਿਹਾ ਕਿ ਕਈ ਦੇਸ਼ ਇਸ ਵਿੱਚ ਸ਼ਾਮਲ ਹੋਣ ਲਈ ਉਤਸੁਕ ਹਨ।
ਦਾਵੋਸ ਵਿੱਚ ਹੋਈ ਘੋਸ਼ਣਾ
ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ‘ਵਰਲਡ ਇਕਨਾਮਿਕ ਫੋਰਮ’ ਦੌਰਾਨ ਟਰੰਪ ਨੇ ਇਸ ਬੋਰਡ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਕੋਈ ਇਸ ਬੋਰਡ ਦਾ ਹਿੱਸਾ ਬਣਨਾ ਚਾਹੁੰਦਾ ਹੈ ਅਤੇ ਅਮਰੀਕਾ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਰਾਸ਼ਟਰ (UN) ਸਮੇਤ ਹੋਰ ਸੰਸਥਾਵਾਂ ਨਾਲ ਵੀ ਮਿਲ ਕੇ ਕੰਮ ਕਰੇਗਾ।
ਬੋਰਡ ਆਫ਼ ਪੀਸ ਵਿੱਚ ਸ਼ਾਮਲ ਪ੍ਰਮੁੱਖ ਆਗੂ:
ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ
ਪੈਰਾਗੁਏ ਦੇ ਰਾਸ਼ਟਰਪਤੀ ਸੈਂਟੀਆਗੋ ਪੇਨਾ
ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਓਯੇਵ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼
ਆਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਸ਼ਿਨਯਾਨ
ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ
ਗਾਜ਼ਾ ਅਤੇ ਹਮਾਸ ‘ਤੇ ਟਰੰਪ ਦਾ ਸਖ਼ਤ ਸੰਦੇਸ਼
ਗਾਜ਼ਾ ਬਾਰੇ ਟਰੰਪ ਨੇ ਕਿਹਾ ਕਿ ਜੰਗ ਹੁਣ ਆਪਣੇ ਅੰਤ ਵੱਲ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਹਮਾਸ ਨੂੰ ਹਥਿਆਰ ਸੁੱਟਣੇ ਪੈਣਗੇ, ਨਹੀਂ ਤਾਂ ਉਨ੍ਹਾਂ ਦਾ ਅੰਤ ਤੈਅ ਹੈ। ਟਰੰਪ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਆਖਰੀ ਬੰਧਕ ਦੀ ਦੇਹ (body) ਵਾਪਸ ਕੀਤੀ ਜਾਣੀ ਚਾਹੀਦੀ ਹੈ।






