ਮੰਡੀ ਗੋਬਿੰਦਗੜ੍ਹ : ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਬਾਕੀ ਪੰਜਾਬ ਦੀ ਤਰ੍ਹਾਂ ਹੀ ਨਸ਼ਾ ਸੌਦਾਗਰਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਘਰ ਤੋੜਨ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ’ਚ ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਕਿ ਜਿਹੜੇ ਲੋਕ ਨਗਰ ਕੌਂਸਲ ਦੇ ਨਿਯਮਾਂ ਤਹਿਤ ਘਰ ਨਹੀਂ ਬਣਾਉਂਦੇ ਜਾਂ ਫਿਰ ਨਾਜਾਇਜ਼ ਉਸਾਰੀ ਕਰ ਕੇ ਨਸ਼ੇ ਦਾ ਵਪਾਰ ਕਰਦੇ ਹਨ, ਉਹਨਾਂ ਦੇ ਖਿਲਾਫ਼ ਲਗਾਤਾਰ ਸਖ਼ਤ ਕਾਰਵਾਈ ਹੁੰਦੀ ਰਹੇਗੀ। ਜਿਵੇਂ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਪਹਿਲਾਂ ਘਰ ਨੂੰ ਖ਼ਾਲੀ ਕਰਵਾਇਆ ਗਿਆ ਤਾਂ ਦੂਜੇ ਪਾਸੇ ਘਰ ’ਚ ਮੌਜੂਦ ਇੱਕ ਮਹਿਲਾ ਅਤੇ ਉਸ ਦੀਆਂ ਦੋ ਧੀਆਂ ਦੇ ਵੱਲੋਂ ਵਿਰੋਧਤਾ ਕੀਤੀ ਗਈ, ਪਰ ਰੋਂਦੇ ਬਿਲਕਦੇ ਹੋਏ ਇਹ ਸਵਾਲ ਵੀ ਖੜਾ ਕੀਤਾ ਕਿ ਸਿਰਫ਼ ਸਾਡਾ ਹੀ ਘਰ ਕਿਉਂ ਤੋੜਿਆ ਜਾ ਰਿਹਾ ਹੈ, ਜਦਕਿ ਪੂਰਾ ਮਹੱਲਾ ਨਸ਼ਾ ਵੇਚਦਾ ਹੈ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਈਓ ਨੇ ਐੱਸਐੱਸਪੀ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਸਲੋਚਨਾ ਦੇਵੀ ਤੇ ਉਸ ਦੇ ਪਰਿਵਾਰ ‘ਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਨਾਲ ਹੀ ਉਨ੍ਹਾਂ ਨੇ ਗੈਰ-ਕਾਨੂੰਨੀ ਨਿਰਮਾਣ ਵੀ ਕੀਤਾ ਹੈ। ਪੁਲਿਸ ਨੇ ਕੁਝ ਦਿਨ ਪਹਿਲਾਂ ਪ੍ਰਾਪਰਟੀ ‘ਤੇ ਨੋਟਿਸ ਚਿਪਕਾ ਦਿੱਤਾ ਸੀ।
ਤੁਹਾਨੂੰ ਦੱਸ ਦਈਏ ਕਿ ਇਹ ਕਾਰਵਾਈ ਢੇਹਾ ਕਾਲੋਨੀ ਦੀ ਰਹਿਣ ਵਾਲੀ ਹੈ ਸਲੋਚਨਾ ਦੇਵੀ ਜਿਹੜੀ ਇਸ ਘਰ ਦੀ ਬਜ਼ੁਰਗ ਹੈ ’ਤੇ ਕੀਤੀ ਗਈ ਹੈ। ਉਸ ਖਿਲਾਫ਼ ਪੁਲਿਸ ਕੋਲ ਕਈ ਮਾਮਲੇ ਦਰਜ ਹਨ ਹਨ। ਜਿਸ ਦੇ ਤਹਿਤ ਨਸ਼ੇ ਦਾ ਵਪਾਰ ਕਰਨ ਦੇ ਕਈ ਇਲਜ਼ਾਮ ਹਨ ਅਤੇ ਉਸੇ ਨੂੰ ਦੇਖਦੇ ਹੋਏ ਪੁਲਿਸ ਨੇ ਕਾਰਵਾਈ ਅੱਗੇ ਵਧਾਈ ਹੈ।
ਮੌਕੇ ’ਤੇ ਮੌਜੂਦ ਪੁਲਿਸ ਮੁਖੀ ਸ਼ੁਭਮ ਅਗਰਵਾਲ ਦਾ ਕਹਿਣਾ ਸੀ ਕਿ ਆਉਂਦੇ ਦਿਨਾਂ ’ਚ ਵੀ ਪੁਲਿਸ ਦੀ ਕਾਰਵਾਈ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੇਗੀ। ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਜੇ ਵੀ ਨਸ਼ੇ ਦੇ ਸੌਦਾਗਰ ਨਸ਼ੇ ਦਾ ਵਪਾਰ ਬੰਦ ਨਹੀਂ ਕਰਨਗੇ ਤਾਂ ਇਸ ਤਰ੍ਹਾਂ ਦੀ ਸਖ਼ਤ ਕਾਰਵਾਈ ਅੱਗੇ ਵਧਦੀ ਰਹੇਗੀ।
ਹਾਲਾਂਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਪੂਰਾ ਮਹੱਲਾ ਨਸ਼ਾ ਵੇਚਦਾ ਹੈ ਇਹ ਗੱਲ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਵੀ ਲੋਕ ਨਸ਼ਾ ਵੇਚਦੇ ਹਨ ਚਾਹੇ ਇਸ ਮੁਹੱਲੇ ਦੇ ਹਨ ਜਾਂ ਫਿਰ ਬਾਹਰੀ ਖੇਤਰ ਹਨ ਉਹ ਸਾਰੇ ਨਿਸ਼ਾਨੇ ’ਤੇ ਹਨ। ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਲਈ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਆਉਂਦੇ ਦਿਨਾਂ ’ਚ ਉਹਨਾਂ ’ਤੇ ਵੀ ਜਲਦ ਕਾਰਵਾਈ ਹੋਵੇਗੀ।






