ਸ੍ਰੀ ਕਰਤਾਰਪੁਰ ਸਾਹਿਬ : ਪਾਕਿਸਤਾਨ ਅਤੇ ਭਾਰਤੀ ਕਲਾ ਪ੍ਰੇਮੀਆਂ ਨੇ ਇਕ ਸਮੂਹ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਾਂਝੀ ਬੈਠਕ ਕੀਤੀ । ਭਾਰਤੀ ਕਲਾਕਾਰ ਦੇ ਵਫ਼ਦ ‘ਚ ਮਲਕੀਤ ਰੌਣੀ, ਮਨਪ੍ਰੀਤ ਰੌਣੀ, ਮਨਪ੍ਰੀਤ ਸਰਾਂ, ਪ੍ਰਭ ਗਰੇਵਾਲ, ਗੁਰਪ੍ਰੀਤ ਮੰਡ, ਗੁਰਜੀਤ ਚਾਹਲ, ਨਸੀਬ ਰੰਧਾਵਾ, ਗੁਰਦਿਆਲ ਸਿੰਘ ਸਿੱਧੂ, ਦਵਿੰਦਰ ਸਿੰਘ, ਸਮਸ਼ੇਰ ਸਿੰਘ, ਬਲਰਾਜ ਸਿੰਘ, ਰਮਨਦੀਪ ਕੌਰ, ਅਮਿਤਬੀਰ ਸਿੰਘ, ਤੇਜ਼ ਕਰਨ ਸਿੰਘ, ਇਕਬਾਲ ਸਿੰਘ ਸੰਧੂ, ਰਮਨਜੀਤ ਕੌਰ, ਹਰਮਨਦੀਪ ਸਿੰਘ, ਕਰਨ, ਅਵਤਾਰ ਸਿੰਘ ਅਤੇ ਪਾਕਿਸਤਾਨ ਤਰਫ਼ੋਂ ਹਨੀ ਅਲਬੇਲਾ, ਸ਼ਾਜ਼ਿਬ ਮਿਰਜ਼ਾ, ਪੰਜਾਬ ਪ੍ਰਚਾਰ ਸੰਸਥਾ ਦੇ ਸਦਰ ਅਹਮਿਦ ਰਜ਼ਾ ਵੱਟੂ, ਅੰਜੁਮ ਗਿੱਲ, ਬਾਬਰ ਜਲੰਧਰੀ, ਫ਼ੈਸਲ ਅਲੀ ਅਤੇ ਮੋਹਸਿਨ ਬਸਰਾ ਆਦਿ ਸ਼ਾਮਲ ਸਨ ।
ਦੋਵਾਂ ਮੁਲਕਾਂ ਦੇ ਲੇਖਕਾਂ, ਪੰਜਾਬੀ ਭਾਸ਼ਾ ਸਨੇਹੀਆਂ ਅਤੇ ਕਲਾਂ ਪ੍ਰੇਮੀਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨਜਦੀਕ ਭਾਈ ਅਜੀਤਾ ਜੀ ਬਾਜ਼ਾਰ ਵਿਖੇ ਬੈਠਕ ਕਰਦਿਆਂ ਪੰਜਾਬੀ ਰੰਗਮੰਚ ਬਾਰੇ ਵਿਚਾਰ ਚਰਚਾ ਕੀਤੀ । ਇਸ ਮੌਕੇ ਭਾਰਤੀ ਫ਼ਿਲਮਾਂ ਲਈ ਲਾਹੌਰ ਅਤੇ ਹੋਰਨਾਂ ਪਾਕਿਸਤਾਨੀ ਸ਼ਹਿਰਾਂ ‘ਚ ਸ਼ੂਟਿੰਗ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ ।
ਅਹਿਮਦ ਰਜ਼ਾ ਵੱਟੂ, ਬਾਬਰ ਜਲੰਧਰੀ ਅਤੇ ਅੰਜੁਮ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਭਾਰਤੀ ਫ਼ਿਲਮਾਂ ਪਾਕਿਸਤਾਨੀ ਸਿਨੇਮਾ-ਘਰਾਂ ਦਾ ਸ਼ਿੰਗਾਰ ਬਣ ਰਹੀਆਂ ਹਨ, ਉਸੇ ਤਰ੍ਹਾਂ ਭਾਰਤੀ ਸਿਨੇਮਾ ਘਰਾਂ ‘ਚ ਪਾਕਿਸਤਾਨੀ ਫ਼ਿਲਮਾਂ ਵੀ ਲੱਗਣੀਆਂ ਚਾਹੀਦੀਆਂ ਹਨ । ਦੋਵਾਂ ਮੁਲਕਾਂ ਤੋਂ ਗੁਰਦੁਆਰਾ ਸਾਹਿਬ ਪੁਹੰਚੇ ਕਲਾਕਾਰ ਨੇ ਗੁਰਦੁਆਰਾ ਸਾਹਿਬ ‘ਚ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕੀਰਤਨ ‘ਚ ਹਾਜ਼ਰੀ ਭਰੀ ।
ਉਨ੍ਹਾਂ ਇਕੱਠਿਆਂ ਲੰਗਰ ਛਕਿਆ ਅਤੇ ਤੋਹਫ਼ਿਆਂ ਦਾ ਆਦਾਨ ਪ੍ਰਦਾਨ ਕੀਤਾ ।






