ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਵਿਧਾਨ ਸਭਾ ਚੋਣ ਹਲਕਾ ਧੂਰੀ ਤੋਂ ਜ਼ਰੂਰ ਲੜਨਗੇ, ਭਾਵੇਂ ਉਨ੍ਹਾਂ ਦੇ ਮੁਕਾਬਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਹੀ ਕਿਉਂ ਨਾ ਹੋਣ। ਪੰਜ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਦਲਵੀਰ ਸਿੰਘ ਗੋਲਡੀ ਨੇ ‘ਆਪ’ ’ਚ ਬਣਦਾ ਮਾਣ-ਸਨਮਾਨ ਨਾ ਮਿਲਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਦਲਵੀਰ ਗੋਲਡੀ ਨੇ ਕਿਹਾ ਕਿ ਮੈਂ ‘ਆਪ’ ਪਾਰਟੀ ਤੋਂ ਨਾਰਾਜ਼ ਸੀ ਕਿ ਤੁਸੀਂ ਕਿਵੇਂ ਕਿਸੇ ਬਾਹਰੀ ਉਮੀਦਵਾਰ ਨੂੰ ਬਰਨਾਲਾ ਤੋਂ ਚੋਣ ਲੜਵਾ ਸਕਦੇ ਹੋ। ਜੇ ਉਹ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਮੈਨੂੰ ਕੋਈ ਸ਼ਿਕਵਾ ਨਹੀਂ ਰਹਿਣਾ ਸੀ।
ਦਲਵੀਰ ਗੋਲਡੀ ਨੇ ਕਿਹਾ ਕਿ ਕਾਂਗਰਸ ਨੂੰ ਛੱਡਣਾ ਮੇਰੀ ਸਭ ਤੋਂ ਵੱਡੀ ਗਲਤੀ ਸੀ, ਇਸ ਫ਼ੈਸਲੇ ਨਾਲ ਮੇਰੇ ਅਕਸ ਨੂੰ ਢਾਅ ਲੱਗੀ ਹੈ। ਸੁਖਪਾਲ ਖਹਿਰਾ ਨੇ ਵੀ ਆਪਣੀ ਗਲਤੀ ਮੰਨੀ ਹੈ ਕਿ ਸੰਗਰੂਰ ਤੋਂ ਉਨ੍ਹਾਂ ਦਾ ਚੋਣ ਲੜਨਾ ਗਲਤ ਸੀ। ਜੇ ਵੱਡੇ ਬੰਦੇ ਗਲਤੀ ਮੰਨ ਸਕਦੇ ਹਨ ਤਾਂ ਮੈਂ ਕਿਉਂ ਨਹੀਂ ਗਲਤੀ ਮੰਨ ਸਕਦਾ।
ਜੇ ਉਦੋਂ ਕਾਂਗਰਸੀ ਆਗੂ ਮੇਰੇ ਨਾਲ ਗੱਲ ਕਰ ਲੈਂਦੇ ਤਾਂ ਮੈਂ ‘ਆਪ’ ਪਾਰਟੀ ਵਿਚ ਜਾਣ ਦਾ ਫ਼ੈਸਲਾ ਨਹੀਂ ਲੈਣਾ ਸੀ ਤੇ ਮੇਰੀ ਨਾਰਾਜ਼ਗੀ ਉਥੇ ਹੀ ਖ਼ਤਮ ਹੋ ਜਾਣੀ ਸੀ। ਮੇਰਾ ‘ਆਪ’ ਵਿਚ ਜਾਣ ਦਾ ਫ਼ੈਸਲਾ ਗਲਤ ਨਹੀਂ ਸੀ ਪਰ ਲੋਕ ਮੇਰੇ ਤੋਂ ਇਹ ਉਮੀਦ ਨਹੀਂ ਕਰਦੇ ਸਨ। ਮੈਂ ਸਾਰਿਆਂ ਨਾਲ ਸੰਪਰਕ ਵਿਚ ਹਾਂ। ਮੇਰੇ ਕਈ ਦੋਸਤ, ਆਪ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਵਿਚ ਹਨ। ਕਈ ਰਿਸ਼ਤੇ ਪਾਰਟੀਆਂ ਤੋਂ ਉਪਰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ 2027 ਵਿਚ ਧੂਰੀ ਤੋਂ ਵਿਧਾਨ ਸਭਾ ਦੀ ਚੋਣ ਜ਼ਰੂਰ ਲੜਾਂਗਾ।