ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਸੜਕਾਂ ਦੇ ਰੁਕੇ ਕੰਮ ਜਲਦੀ ਪੂਰੇ ਕੀਤੇ ਜਾਣਗੇ। ਮੁੱਖ ਮੰਤਰੀ ਆਤਿਸ਼ੀ ਨਾਲ ਦਿੱਲੀ ਯੂਨੀਵਰਸਿਟੀ ਦੀ ਸੜਕ ਦੀ ਹਾਲਤ ਦਾ ਮੁਆਇਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ “ਮੈਂ ਦਿੱਲੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਚਿੰਤਾ ਨਾ ਕਰਨ ਮੈਂ ਆ ਗਿਆ ਹਾਂ ਅਤੇ ਅਸੀਂ ਸਾਰੇ ਰੁਕੇ ਕੰਮ ਸ਼ੁਰੂ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵਿੱਚ ਟੁੱਟੀ ਹੋਈ ਸੜਕ ਜਲਦ ਠੀਕ ਕਰਵਾ ਦਿੱਤੀ ਜਾਵੇਗੀ। ਮੈਂ ਮੁੱਖ ਮੰਤਰੀ ਆਤਿਸ਼ੀ ਨਾਲ ਗੱਲ ਕੀਤੀ ਹੈ। ਦਿੱਲੀ ਦੀਆਂ ਹੋਰ ਸੜਕਾਂ ਦੀ ਵੀ ਮੁਰੰਮਤ ਕੀਤੀ ਜਾਵੇਗੀ। ਇਸ ਮੌਕੇ ਅਰਵਿੰਦ ਕਜੇਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਭਾਜਪਾ ਨੇਤਾ ਨਾਲ ਮਿਲਿਆ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਮੈਨੂੰ ਗ੍ਰਿਫਤਾਰ ਕਰਕੇ ਤੁਹਾਨੂੰ ਕੀ ਫਾਇਦਾ ਹੋਇਆ? ਉਸਦਾ ਜਵਾਬ ਸੁਣ ਕੇ ਦੰਗ ਰਹਿ ਗਿਆ। ਉਨ੍ਹਾਂ ਦਾ ਉਦੇਸ਼ ਸਰਕਾਰ ਨੂੰ ਅਸਥਿਰ ਕਰਕੇ ਦਿੱਲੀ ਦੇ ਲੋਕਾਂ ਦੇ ਕੰਮ ਨੂੰ ਰੋਕਣਾ ਸੀ। ਹੁਣ ਮੈਂ ਦਿੱਲੀ ਦੇ ਲੋਕਾਂ ਨੂੰ ਇਹ ਦੱਸਣ ਆਇਆ ਹਾਂ ਕਿ ਮੈਂ ਜੇਲ੍ਹ ਤੋਂ ਬਾਹਰ ਆ ਗਿਆ ਹਾਂ। ਮੈਂ ਕੋਈ ਵੀ ਜਨਤਕ ਕੰਮ ਬੰਦ ਨਹੀਂ ਹੋਣ ਦਿਆਂਗਾ। ਦਿੱਲੀ ਦੇ ਸਾਰੇ ਰੁਕੇ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ।