ਲੁਧਿਆਣਾ : ਮੰਗਲਵਾਰ ਰਾਤ ਸ਼ਹਿਰ ਦੇ ਫੀਲਡ ਗੰਜ ਚੌਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ‘ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਐਲਾਨ ‘ਤੇ ਪੰਜਾਬ ਦੇ 23 ਜ਼ਿਲ੍ਹਿਆਂ, ਤਕਰੀਬਨ 75 ਤਹਿਸੀਲਾਂ, ਸਬ-ਤਹਿਸੀਲਾਂ ਅਤੇ ਵੱਖ-ਵੱਖ ਪਿੰਡਾਂ-ਕਸਬਿਆਂ ਤੋਂ ਮੁਸਲਮਾਨ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਲੀਡਰਾਂ ਨੇ ਰਾਜ ਪੱਧਰੀ ਮੀਟਿੰਗ ‘ਚ ਹਿੱਸਾ ਲਿਆ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਕੌਮੀ ਪ੍ਰਧਾਨ ਮਜਲਿਸ ਅਹਿਰਾਰ ਇਸਲਾਮ ਦੀ ਪ੍ਰਧਾਨਗੀ ਹੇਠ ਸ਼ਾਮ 7 ਵਜੇ ਸ਼ੁਰੂ ਹੋਈ ਜੋ ਦੋ ਘੰਟੇ ਚੱਲਦੀ ਰਹੀ। ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ‘ਚ ਸਾਰਿਆਂ ਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਕੱਠੇ ਹੋਣਾ ਆਪਸੀ ਭਾਈਚਾਰੇ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਖਾਸ ਮੀਟਿੰਗ ਦਾ ਮਕਸਦ ਸੂਬੇ ‘ਚ ਸਰਵ ਧਰਮ ਏਕਤਾ ਨੂੰ ਹੋਰ ਮਜ਼ਬੂਤ ਬਣਾਏ ਰੱਖਣ ਦੇ ਨਾਲ-ਨਾਲ ਸਾਰਿਆਂ ਦੇ ਆਤਮ-ਸਨਮਾਨ ਦੀ ਰੱਖਿਆ ਕਰਨਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਸੂਬੇ ਦੇ ਮੁਸਲਮਾਨ ਬੱਚਿਆਂ ਦੀ ਸਿੱਖਿਆ ਮਿਆਦ ‘ਚ ਹੁਣ ਜ਼ਰੂਰਤ ਹੈ ਕਿ ਇਨਕਲਾਬੀ ਕਦਮ ਚੁੱਕਿਆ ਜਾਵੇ, ਨਵੇਂ ਸਿੱਖਿਆ-ਸੰਸਥਾਨਾਂ ਦੇ ਨਾਲ-ਨਾਲ ਮਦਰਸਿਆਂ ਨੂੰ ਵੀ ਅਪਡੇਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਸਲਮਾਨਾਂ ਦੇ ਕਬਰਸਤਾਨਾਂ ਦੇ ਸੈਂਕੜੇ ਮਾਮਲੇ ਹੁਣ ਵੀ ਲੰਬਿਤ ਹਨ, ਜਿੰਨਾਂ ਨੂੰ ਪੰਜਾਬ ਵਕਫ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਜਲਦੀ ਹੱਲ ਕਰਵਾਇਆ ਜਾਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਦੇ ਸਮੇਂ ਤੋਂ ਮੁਸਲਮਾਨਾਂ ਦੇ ਜਾਤੀ ਪ੍ਰਮਾਣ ਪੱਤਰਾਂ ‘ਤੇ ਲੱਗੀ ਰੋਕ ਨੂੰ ਹਟਾਇਆ ਜਾਵੇ। ਇਸ ਮੌਕੇ ‘ਤੇ ਸ਼ਾਹੀ ਇਮਾਮ ਨੇ ਇਹ ਵੀ ਐਲਾਨ ਕੀਤਾ ਕਿ ਲੁਧਿਆਣਾ ਜਾਮਾ ਮਸਜਿਦ ਵੱਲੋਂ ਜਲਦੀ ਹੀ ਪੰਜਾਬ ਦੀ ਸਾਰੇ ਜ਼ਿਲ੍ਹਿਆਂ ਅਤੇ ਤਹਿਸੀਲ ਪੱਧਰ ‘ਤੇ ਦੋ-ਦੋ ਮੁਸਲਮਾਨ ਨੁਮਾਇੰਦਿਆਂ ਨੂੰ ਨਾਲ ਲੈ ਕੇ ਇੱਕ ਰਾਜ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਇਹ ਕਮੇਟੀ ਸੂਬੇ ਦੇ ਮੁਸਲਮਾਨਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਨੂੰ ਨਾ ਸਿਰਫ ਸਰਕਾਰ ਤੱਕ ਪਹੁੰਚਾਏਗੀ ਸਗੋਂ ਜੇਕਰ ਕਿਤੇ ਕੋਈ ਨਾਇਨਸਾਫੀ ਹੁੰਦੀ ਹੈ ਤਾਂ ਪੀੜਤ ਲੋਕਾਂ ਦੀ ਮਦਦ ਕਰੇਗੀ | ਸ਼ਾਹੀ ਇਮਾਮ ਨੇ ਕਿਹਾ ਕਿ ਇਹ ਕਮੇਟੀ ਪੰਜਾਬ ਦੇ ਵੱਖ-ਵੱਖ ਧਰਮਾਂ ਦੇ ਮੁੱਖ ਸਥਾਨਾਂ ‘ਤੇ ਜਾ ਕੇ ਆਪਸੀ ਤਾਲਮੇਲ ਨੂੰ ਹੋਰ ਵਧਾਏਗੀ। ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਰਿਸ਼ੀਆਂ ਦੀ ਧਰਤੀ ਹੈ ਇੱਥੇ ਧਰਮ ਦੇ ਨਾਮ ‘ਤੇ ਨਫਰਤ ਦੀ ਰਾਜਨੀਤੀ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ।