ਇਟਲੀ : ਇਟਲੀ ਦੇ ਤਸਕਾਨਾ ਸੂਬੇ ਵਿੱਚ ਪੈਂਦੇ ਸ਼ਹਿਰ ਮੌਨਤੇਵਾਰਕੀ ਸਥਿਤ ਸ੍ਰੀ ਗੁਰੂ ਰਵਿਦਾਸ ਟੈਂਪਲ ਦੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਅੰਮ੍ਰਿਤ ਬਾਣੀ ਦੇ ਸਰੂਪ ਅਗਨ ਭੇਂਟ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸੰਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਨੇ ਦੱਸਿਆ ਕਿ ਇਮਾਰਤ ਨੇੜੇ ਖੜੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਸੀ ਜੋ ਬਾਅਦ ਵਿਚ ਭਿਆਨਕ ਭਾਂਬੜ ਦਾ ਰੂਪ ਧਾਰਨ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਲੱਗ ਗਈ। ਸਥਾਨਕ ਲੋਕਾਂ ਵਿੱਚ ਮੱਚੀ ਭੱਜ ਦੌੜ ਤੋਂ ਬਾਅਦ ਅੱਗ ਬੁਝਾਊ ਮਹਿਕਮੇ ਦੀਆਂ ਟੀਮਾਂ ਨੇ ਜੱਦ ਤੱਕ ਅੱਗ ਤੇ ਕਾਬੂ ਪਾਇਆ ਤਦ ਤੱਕ ਬਹੁਤ ਦੇਰ ਹੋ ਚੁੱਕੀ ।
ਅੱਗ ਦੀ ਲਪੇਟ ਵਿੱਚ ਆਉਣ ਨਾਲ ਸਾਰੀ ਇਮਾਰਤ ਦਾ ਨੁਕਸਾਨ ਹੋ ਗਿਆ ਤੇ ਅੰਮ੍ਰਿਤ ਬਾਣੀ ਦੇ ਸਰੂਪ ਤੇ ਹੋਰ ਸਾਰੀ ਸਮੱਗਰੀ ਅਗਨ ਭੇਂਟ ਹੋ ਗਏ। ਇਸ ਘਟਨਾ ਤੋਂ ਸੰਗਤ ਵਿਚ ਕਾਫੀ ਨਿਰਾਸ਼ਾ ਵੇਖੀ ਜਾ ਸਕਦੀ। ਤੁਕਸਾਨਾ ਸੂਬੇ ਦੀਆਂ ਸੰਗਤਾਂ ਕੁਝ ਸਾਲ ਪਹਿਲਾਂ ਗੁਰੂ ਰਵਿਦਾਸ ਜੀ ਦੇ ਨਾਂ ਹੇਠ ਇਸ ਟੈਂਪਲ ਉਸਾਰੀ ਕੀਤੀ ਗਈ ਸੀ। ਪ੍ਰਬੰਧਕਾਂ ਨੇ ਸਮੁੱਚੀ ਸੰਗਤ ਨੂੰ ਸਰਵ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਆਖਿਆ ਹੈ ਕਿ ਜੋ ਕੁਝ ਵੀ ਹੋਇਆ ਇਹ ਅਚਾਨਕ ਇੱਕ ਘਟਨਾ ਕਰਕੇ ਹੋਇਆ ਹੈ, ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫਵਾਹ੍ਹਾਂ ਤੋ ਬੱਚੋ।