ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਉਹ ਮੌਜੂਦਾ ਪ੍ਰਧਾਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ, ਜਿਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਤੀਜੇ ਕਾਰਜਕਾਲ ਲਈ ਚੋਣਾਂ ਵਿੱਚ ਨਹੀਂ ਖੜ੍ਹੇ ਹੋਣਗੇ। ਉਹ ਆਪਣਾ ਮੌਜੂਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇਹ ਅਹੁਦਾ ਛੱਡ ਦੇਣਗੇ। ਮੀਡੀਆ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਤੈਅ ਜਾਪਦਾ ਹੈ ਕਿ ਹੁਣ ਜੈ ਸ਼ਾਹ ਨੂੰ ਇਸ ਅਹੁਦੇ ਲਈ ਚੁਣਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਆਈਸੀਸੀ ਦੇ ਪ੍ਰਧਾਨ ਬਣਨ ਵਾਲੇ ਤੀਜੇ ਭਾਰਤੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਜਗਮੋਹਨ ਡਾਲਮੀਆ (1997-2000) ਅਤੇ ਸ਼ਰਦ ਪਵਾਰ (2010-2012) ਇਸ ਅਹੁਦੇ ‘ਤੇ ਰਹਿ ਚੁੱਕੇ ਹਨ।
ਦੱਸ ਦੇਈਏ ਕਿ ਬਾਰਕਲੇ ਦਾ ਇਹ ਕਾਰਜਕਾਲ ਇਸ ਸਾਲ ਨਵੰਬਰ ਵਿੱਚ ਖਤਮ ਹੋਵੇਗਾ। ਆਈਸੀਸੀ ਦੇ ਬੁਲਾਰੇ ਨੇ ਦ ਐਜ ਨੂੰ ਦੱਸਿਆ: ‘ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਨੇ ਬੋਰਡ ਨੂੰ ਸੂਚਿਤ ਕੀਤਾ ਹੈ ਕਿ ਉਹ ਤੀਜੀ ਪਾਰੀ ਲਈ ਖੜ੍ਹੇ ਨਹੀਂ ਹੋਣਗੇ ਅਤੇ ਆਪਣਾ ਕਾਰਜਕਾਲ ਪੂਰਾ ਹੋਣ ‘ਤੇ ਅਸਤੀਫਾ ਦੇ ਦੇਣਗੇ, ਜੋ ਇਸ ਸਾਲ ਨਵੰਬਰ ਵਿਚ ਖ਼ਤਮ ਹੋ ਰਿਹਾ ਹੈ। ਬਾਰਕਲੇ ਨੂੰ ਨਵੰਬਰ 2020 ਵਿੱਚ ਪਹਿਲੀ ਵਾਰ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ 2022 ਵਿੱਚ ਇੱਕ ਵਾਰ ਫਿਰ ਚੁਣੇ ਗਏ।
ਬਰਕਲੇ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਜੈ ਸ਼ਾਹ ਨੇ ਇਹ ਅਹੁਦਾ ਲੈਣ ਦੀ ਇੱਛਾ ਪ੍ਰਗਟਾਈ ਹੈ। ਸ਼ਾਹ ਨੂੰ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਕ੍ਰਿਕਟ ਬੋਰਡਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕਈ ਹੋਰ ਕ੍ਰਿਕਟ ਬੋਰਡ ਵੀ ਜੈ ਸ਼ਾਹ ਨੂੰ ਆਪਣਾ ਸਮਰਥਨ ਦੇਣਗੇ।