ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਵਿੱਚ ਰੈਜ਼ੀਡੈਂਟ ਡਾਕਟਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਹ ਪ੍ਰਦਰਸ਼ਨ ਕੋਲਕਾਤਾ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਰੈਜ਼ੀਡੈਂਟ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਸਬੰਧ ਵਿੱਚ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਉਸ ਨੂੰ ਇਨਸਾਫ਼ ਦਿੱਤਾ ਜਾਵੇ।
ਨਾਲ ਹੀ ਰੈਜ਼ੀਡੈਂਟ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਵਾਪਰਨ ਦੀ ਸੰਭਾਵਨਾ ਨਾ ਰਹੇ। ਵਿਰੋਧ ਕਰ ਰਹੇ ਡਾਕਟਰਾਂ ਨੇ ਓਪੀਡੀ, ਵਾਰਡ, ਅਪਰੇਸ਼ਨ ਥੀਏਟਰ ਦਾ ਸਾਰਾ ਕੰਮ ਬੰਦ ਕਰ ਦਿੱਤਾ ਹੈ। ਅੱਜ ਪੂਰੇ ਦੇਸ਼ ਵਿੱਚ ਡਾਕਟਰਾਂ ਵੱਲੋਂ ਅਜਿਹੀ ਹੜਤਾਲ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਚੰਡੀਗੜ੍ਹ ਪੀਜੀਆਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਪ੍ਰਨੀਤ ਰੈਡੀ ਨੇ ਦੱਸਿਆ ਕਿ ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ। ਅਸੀਂ ਇਸ ਨੂੰ ਜਨਤਕ ਪਲੇਟਫਾਰਮ ‘ਤੇ ਬਿਆਨ ਵੀ ਨਹੀਂ ਕਰ ਸਕਦੇ।
ਇਸ ਦੇ ਬਾਵਜੂਦ ਬੰਗਾਲ ਸਰਕਾਰ ਅਤੇ ਮੈਡੀਕਲ ਕਾਲਜ ਪ੍ਰਸ਼ਾਸਨ ਮੁਲਜ਼ਮਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਇਸ ਲਈ ਉਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫਿਲਹਾਲ ਆਮ ਰੋਜ਼ਾਨਾ ਦੇ ਕੰਮ ਬੰਦ ਕਰ ਦਿੱਤੇ ਗਏ ਹਨ। ਜਲਦੀ ਹੀ ਮੀਟਿੰਗ ਵੀ ਕੀਤੀ ਜਾਵੇਗੀ ਅਤੇ ਐਮਰਜੈਂਸੀ ਸੇਵਾਵਾਂ ਬਾਰੇ ਫੈਸਲਾ ਲਿਆ ਜਾਵੇਗਾ। ਜੇਕਰ ਪੀੜਤ ਨੂੰ ਇਨਸਾਫ਼ ਨਾ ਮਿਲਿਆ ਤਾਂ ਐਮਰਜੈਂਸੀ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ।