ਬਰਨਾਲਾ : ਅਕਾਲੀ ਲੋਕ ਸੁਧਾਰ ਲਹਿਰ ਤਹਿਤ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਰਨਾਲਾ ਦੇ ਇਕ ਨਿੱਜੀ ਹੋਟਲ ‘ਚ ਖ਼ੁਲਾਸਾ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ 42 ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਸਿਰਸਾ ਡੇਰੇ ਭੇਜਦਿਆਂ ਸੰਤਾਂ ਤੋਂ ਆਸ਼ੀਰਵਾਦ ਲੈ ਚੋਣ ਜਿੱਤਣ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਇਕੱਲੇ ਨਹੀਂ ਗਏ, ਸਨ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 3 ਵਾਰ ਪ੍ਰਧਾਨ ਰਹੇ ਤੇ ਸਰਕਾਰ ‘ਚ ਕੈਬਨਿਟ ਮੰਤਰੀ ਰਹੇ ਗੋਬਿੰਦ ਸਿੰਘ ਲੌਂਗੋਵਾਲ ਵੀ ਉਨ੍ਹਾਂ 42 ਉਮੀਦਵਾਰਾਂ ‘ਚੋਂ ਇਕ ਸਨ, ਜਿਨ੍ਹਾਂ ਨੇ ਸਿਰਸਾ ਡੇਰੇ ਜਾ ਕੇ ਨਕ ਰਗੜਿਆ ਸੀ।
ਢੀਂਡਸਾ ਨੇ ਕਿਹਾ ਕਿ ਉਹ ਖ਼ੁਦ ਕੀਤੀ ਗਲਤੀ ਦੀ ਮੁਆਫ਼ੀ ਮੰਗ ਕੇ ਪਸ਼ਚਾਤਾਪ ਵੀ ਕਰ ਚੁੱਕੇ ਹਨ ਤੇ ਸਜ਼ਾ ਵੀ ਭੁਗਤ ਚੁੱਕੇ ਹਨ। ਹੁਣ ਸੁਖਬੀਰ ਬਾਦਲ ਦੀ ਵਾਰੀ ਹੈ, ਜਿਸ ’ਤੇ 30 ਅਗਸਤ ਨੂੰ ਅਕਾਲ ਤਖ਼ਤ ਦੇ ਜਥੇਦਾਰ ਇਤਿਹਾਸਿਕ ਫ਼ੈਸਲਾ ਸੁਣਾਉਣ। ਉਨ੍ਹਾਂ ਦੱਸਿਆ ਕਿ ਉਹ ਅਕਾਲੀ ਲੋਕ ਸੁਧਾਰ ਲਹਿਰ ਤਹਿਤ ਅਕਾਲੀ ਦਲ ਨੂੰ ਇਕੱਠਾ ਕਰ ਕੇ ਬਾਦਲਾਂ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਨ।
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 39ਵੀਂ ਬਰਸੀ ਮੌਕੇ ਅਕਾਲੀ ਦਲ ਦਾ ਹੋਇਆ ਇਕੱਠ ਵੀ ਇਹ ਸਿੱਧ ਕਰ ਦੇਵੇਗਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਰਿਮੋਟ ਬਾਦਲਾਂ ਦੇ ਹੱਥ ‘ਚੋਂ ਖੋਹ ਕੇ ਸਰਬਸੰਮਤੀ ਨਾਲ ਪੰਥਕ ਧਿਰਾਂ ਦੇ ਸਹਿਯੋਗ ਨਾਲ ਮੁੜ੍ਹ ਤੋਂ ਸੁਰਜੀਤ ਹੋਏ ਅਕਾਲੀ ਦਲ ਦੇ ਹੱਥ ‘ਚ ਦੇਣਗੇ। ਉਨ੍ਹਾਂ ਪੰਥਕ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁਖਬੀਰ ਬਾਦਲ ਵਲੋਂ ਕੀਤੀਆਂ ਅਕਾਲੀ ਦਲ ਦੀਆਂ ਗਲਤੀਆਂ ਤੇ ਊਣਤਾਈਆਂ ਨੂੰ ਅੱਖੋਂ ਪਰੋਖੇ ਨਾ ਕਰਦਿਆਂ ਜੱਗ ਜ਼ਾਹਰ ਕਰਨ। ਉਨ੍ਹਾਂ ਸੁਖਬੀਰ ਬਾਦਲ ‘ਤੇ ਵਾਰ-ਵਾਰ ਵਰ੍ਹਦਿਆਂ ਕਿਹਾ ਕਿ ਸੁਖਬੀਰ ਦੇ ਪੰਥ ਤੇ ਪਾਰਟੀ ਪ੍ਰਤੀ ਲਏ ਗਲਤ ਫ਼ੈਸਲਿਆਂ ਤੋਂ ਸਮੁੱਚੇ ਅਕਾਲੀ ਦਲ ਦੇ ਲੀਡਰ ਖਫ਼ਾ ਤੇ ਨਾਰਾਜ਼ ਹੀ ਨਹੀਂ, ਸਗੋਂ ਪਾਰਟੀ ਪ੍ਰਧਾਨ ਬਦਲਣ ਲਈ ਵੀ ਬੀੜਾ ਚੁੱਕ ਰਹੇ ਹਨ।
ਢੀਂਡਸਾ ਨੇ ਕਿਹਾ ਕਿ ਜੋ ਸੁਖਬੀਰ ਦੇ ਨਾਲ ਅਕਾਲੀ ਆਗੂ ਰਹਿ ਰਹੇ ਹਨ, ਉਹ ਵੀ ਇਸ ਗੱਲ ਤੋਂ ਜਾਣੂ ਹਨ। ਉਨ੍ਹਾਂ ਨੂੰ ਵੀ ਮੁੜ੍ਹ ਤੋਂ ਅਕਾਲੀ ਦਲ ਬਜ਼ੁਰਗਾਂ ਦੀ ਸੋਚ ਅਨੁਸਾਰ ਸਿਰਜਣ ਲਈ ਬਾਦਲ ਦਾ ਸਾਥ ਛੱਡ ਕੇ ਇਕ ਮੰਚ ‘ਤੇ ਇਕੱਠੇ ਹੋ ਕੇ ਬਾਦਲ ਮੁਕਤ ਅਕਾਲੀ ਦਲ ਸਿਰਜਣ ‘ਚ ਸਾਥ ਦੇਣਾ ਚਾਹੀਦਾ ਹੈ।