ਪੱਛਮੀ ਬੰਗਾਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਿੱਲੀ ਵਿੱਚ ਚੱਲ ਰਹੀ ਨੀਤੀ ਆਯੋਗ ਦੀ ਮੀਟਿੰਗ ਅੱਧ ਵਿਚਾਲੇ ਛੱਡ ਕੇ ਵਾਕਆਊਟ ਕਰ ਗਈ। ਪੀਐਮ ਮੋਦੀ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ। ਇਸ ਵਿੱਚ ਭਾਜਪਾ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਤੋਂ ਵਾਕਆਊਟ ਕਰਨ ਦਾ ਕਾਰਨ ਦੱਸਦੇ ਹੋਏ ਮਮਤਾ ਨੇ ਕਿਹਾ- ਵਿਰੋਧੀ ਪੱਖ ਤੋਂ ਸਿਰਫ ਮੈਂ ਹੀ ਮੀਟਿੰਗ ‘ਚ ਸ਼ਾਮਲ ਹੋਈ ਸੀ। ਭਾਜਪਾ ਦੇ ਮੁੱਖ ਮੰਤਰੀਆਂ ਨੂੰ ਬੋਲਣ ਲਈ 10 ਤੋਂ 20 ਮਿੰਟ ਦਿੱਤੇ ਗਏ, ਜਦੋਂ ਕਿ ਮੈਨੂੰ ਸਿਰਫ਼ 5 ਮਿੰਟ ਮਿਲੇ।
ਮਮਤਾ ਨੇ ਦੱਸਿਆ- ਜਦੋਂ ਮੈਂ ਪੱਛਮੀ ਬੰਗਾਲ ਦੇ ਮੁੱਦੇ ‘ਤੇ ਬੋਲ ਰਹੀ ਸੀ ਤਾਂ ਮੇਰਾ ਮਾਈਕ ਬੰਦ ਹੋ ਗਿਆ ਸੀ। ਮੈਨੂੰ ਆਪਣੇ ਪੂਰੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਨਹੀਂ ਸੀ। ਕੀ ਰਾਜ ਦੇ ਮੁੱਦੇ ਰੱਖਣਾ ਗਲਤ ਹੈ? ਇੱਥੇ ਮੇਰਾ ਅਤੇ ਪੱਛਮੀ ਬੰਗਾਲ ਦੇ ਲੋਕਾਂ ਦਾ ਅਪਮਾਨ ਕੀਤਾ ਗਿਆ।
I.N.D.I.A. ਬਲਾਕ ਦੇ 7 ਰਾਜਾਂ ਦੇ ਮੁੱਖ ਮੰਤਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਨ੍ਹਾਂ ਵਿੱਚ ਐਮ ਕੇ ਸਟਾਲਿਨ (ਤਾਮਿਲਨਾਡੂ), ਸਿੱਧਰਮਈਆ (ਕਰਨਾਟਕ), ਰੇਵੰਤ ਰੈਡੀ (ਤੇਲੰਗਾਨਾ), ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼), ਪੀ. ਵਿਜਯਨ (ਕੇਰਲਾ), ਹੇਮੰਤ ਸੋਰੇਨ (ਝਾਰਖੰਡ), ਭਗਵੰਤ ਮਾਨ (ਪੰਜਾਬ) ਅਤੇ ਅਰਵਿੰਦ ਕੇਜਰੀਵਾਲ (ਨਵੀਂ ਦਿੱਲੀ) ਸ਼ਾਮਲ ਹਨ।
ਰਾਸ਼ਟਰਪਤੀ ਭਵਨ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਮਿਸ਼ਨ ਦੇ ਚੇਅਰਮੈਨ ਅਤੇ ਅਰਥ ਸ਼ਾਸਤਰੀ ਸੁਮਨ ਕੇ ਬੇਰੀ ਉਪ-ਚੇਅਰਮੈਨ ਬਣੇ ਰਹਿਣਗੇ। ਇਸ ਤੋਂ ਇਲਾਵਾ ਵਿਗਿਆਨੀ ਵੀ.ਕੇ.ਸਾਰਸਵਤ, ਖੇਤੀ ਅਰਥ ਸ਼ਾਸਤਰੀ ਰਮੇਸ਼ ਚੰਦ, ਬਾਲ ਰੋਗ ਵਿਗਿਆਨੀ ਵੀ.ਕੇ ਪਾਲ ਅਤੇ ਮੈਕਰੋ-ਇਕਨਾਮਿਸਟ ਅਰਵਿੰਦ ਵਿਰਮਾਨੀ ਫੁੱਲ-ਟਾਈਮ ਮੈਂਬਰ ਰਹਿਣਗੇ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚਾਰ ਅਹੁਦੇਦਾਰ ਮੈਂਬਰ ਹੋਣਗੇ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ, ਸਿਹਤ ਮੰਤਰੀ ਜੇਪੀ ਨੱਡਾ, ਭਾਰੀ ਉਦਯੋਗ ਮੰਤਰੀ ਐਚਡੀ ਕੁਮਾਰਸਵਾਮੀ ਅਤੇ ਐੱਮਐੱਸਐੱਮਈ ਮੰਤਰੀ ਜੀਤਨ ਰਾਮ ਮਾਂਝੀ ਨੂੰ ਨੀਤੀ ਆਯੋਗ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਸੱਦਾ ਦੇਣ ਵਾਲਿਆਂ ਵਿੱਚ ਪੰਚਾਇਤੀ ਰਾਜ ਮੰਤਰੀ ਲਲਨ ਸਿੰਘ, ਸਮਾਜਿਕ ਨਿਆਂ ਮੰਤਰੀ ਵਰਿੰਦਰ ਕੁਮਾਰ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ, ਕਬਾਇਲੀ ਮਾਮਲਿਆਂ ਬਾਰੇ ਮੰਤਰੀ ਜੁਆਲ ਓਰਾਮ, ਮਹਿਲਾ ਤੇ ਬਾਲ ਭਲਾਈ ਮੰਤਰੀ ਅੰਨਪੂਰਨਾ ਦੇਵੀ, ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਅਤੇ ਰਾਜ ਮੰਤਰੀ ਸ. ਰਾਓ ਇੰਦਰਜੀਤ ਸਿੰਘ ਸਮੇਤ ਸੁਤੰਤਰ ਚਾਰਜ ਸ਼ਾਮਲ ਹਨ।
ਪਿਛਲੇ ਸਾਲ ਕਮਿਸ਼ਨ ਵਿੱਚ ਸ਼ਾਮਲ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਅਨੁਰਾਗ ਠਾਕੁਰ ਨੂੰ ਇਸ ਸਾਲ ਕਮਿਸ਼ਨ ਦਾ ਮੈਂਬਰ ਨਹੀਂ ਬਣਾਇਆ ਗਿਆ ਹੈ।