ਤਰਨ ਤਾਰਨ : ਤਰਨ ਤਾਰਨ ਦੇ ਪਿੰਡ ਭੈਣੀ ਮੱਟੂਆ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਨਾਜਾਇਜ਼ ਸਬੰਧਾਂ ਕਾਰਨ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਉਮਰ 20 ਸਾਲ ਪਿੰਡ ਭੈਣੀ ਮੱਟੂਆਂ ਵਜੋਂ ਹੋਈ ਹੈ। ਮ੍ਰਿਤਕ ਦੇ ਪਿੰਡ ਵਾਸੀ ਗੁਰਜੰਟ ਸਿੰਘ ਨੂੰ ਸ਼ੱਕ ਸੀ ਕਿ ਲਵਪ੍ਰੀਤ ਸਿੰਘ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ। ਪਿਛਲੇ ਕੁਝ ਮਹੀਨਿਆਂ ਤੋਂ ਗੁਰਜੰਟ ਸਿੰਘ ਦੀ ਪਤਨੀ ਆਪਣੇ ਪਤੀ ਨਾਲ ਝਗੜੇ ਕਾਰਨ ਆਪਣੇ ਪੇਕੇ ਘਰ ਰਹਿ ਰਹੀ ਹੈ।
ਗੁਰਜੰਟ ਸਿੰਘ ਇਸ ਗੱਲੋਂ ਚਿੰਤਤ ਸੀ ਕਿ ਉਸ ਦੀ ਪਤਨੀ ਆਪਣੇ ਦੋਸਤ ਲਵਪ੍ਰੀਤ ਸਿੰਘ ਦੇ ਦੱਸੇ ਅਨੁਸਾਰ ਸਹੁਰੇ ਘਰ ਨਹੀਂ ਪਰਤ ਰਹੀ। ਇਸੇ ਦੌਰਾਨ ਦੋ ਬੱਚਿਆਂ ਦੇ ਪਿਤਾ ਗੁਰਜੰਟ ਸਿੰਘ ਨੇ ਗੁੱਸੇ ਵਿੱਚ ਆ ਕੇ ਲਵਪ੍ਰੀਤ ਸਿੰਘ ਦਾ ਘਰ ਦੇ ਬਾਹਰ ਉਸ ਦੀ ਮਾਂ ਦੇ ਸਾਹਮਣੇ ਹੀ ਉਸ ਦੇ ਸਿਰ ’ਤੇ ਲਗਾਤਾਰ 9 ਵਾਰ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ। ਗਰੀਬ ਵਰਗ ਨਾਲ ਸਬੰਧਤ ਮ੍ਰਿਤਕ ਨੌਜਵਾਨ ਦਾ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।