ਲੰਡਨ: ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ AstraZeneca ਦੇ ਇਕ ਖੁਲਾਸੇ ਨਾਲ ਕੋਰੋਨਾ ਵੈਕਸੀਨ ਲੈਣ ਵਾਲਾ ਹਰ ਵਿਅਕਤੀ ਹਿੱਲ ਗਿਆ ਹੈ। ਵੈਕਸੀਨ ਨਿਰਮਾਤਾ ਨੇ ਅਦਾਲਤ ‘ਚ ਮੰਨਿਆ ਹੈ ਕਿ ਕੋਵੀਸ਼ੀਲਡ ਦੁਰਲੱਭ ਮਾਮਲਿਆਂ ‘ਚ ਥ੍ਰੋਮੋਸਾਈਟੋਪੇਨੀਆ ਸਿੰਡਰੋਮ (TTS) ਨਾਲ ਥ੍ਰੋਮੋਬਸਿਸ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਖ਼ੂਨ ਦੇ ਥੱਕੇ ਬਣ ਸਕਦੇ ਹਨ ਤੇ ਪਲੇਟਲੈਟਸ ਦੀ ਗਿਣਤੀ ਘਟ ਸਕਦੀ ਹੈ। ਥ੍ਰੋਮੋਸਾਈਟੋਪੇਨੀਆ ਦੇ ਗੰਭੀਰ ਮਾਮਲਿਆਂ ‘ਚ ਇਹ ਸਟ੍ਰੋਕ ਤੇ ਦਿਲ ਦੇ ਦੌਰੇ ਦਾ ਕਾਰਨ ਵੀ ਬਣ ਸਕਦਾ ਹੈ। ਮੈਡੀਕਲ ਮਾਹਿਰ ਡਾ. ਰਾਜੀਵ ਜੈਦੇਵਨ ਨੇ ਦੱਸਿਆ ਕਿ ਟੀਟੀਐਸ ਖ਼ੂਨ ਦੀਆਂ ਨਾੜੀਆਂ ‘ਚ ਥੱਕਾ ਬਣਾ ਸਕਦੇ ਹਨ। ਪਰ ਕੁਝ ਟੀਕਿਆਂ ਦੀ ਵਰਤੋਂ ਤੋਂ ਬਾਅਦ ਅਜਿਹਾ ਹੋਣਾ ਬਹੁਤ ਘੱਟ ਹੁੰਦਾ ਹੈ। ਜੈਦੇਵਨ ਕੇਰਲ ‘ਚ ਨੈਸ਼ਨਲ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਕੋਵਿਡ ਟਾਸਕ ਫੋਰਸ ਦੇ ਸਹਿ-ਚੇਅਰਮੈਨ ਹਨ। ਉਨ੍ਹਾਂ ਮੰਨਿਆ ਕਿ ਕੋਵਿਡ ਵੈਕਸੀਨ ਨੇ ਬਹੁਤ ਸਾਰੀਆਂ ਮੌਤਾਂ ਨੂੰ ਰੋਕਣ ‘ਚ ਮਦਦ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ, ‘ਟੀਟੀਐਸ ਦਾ ਮਤਲਬ ਹੈ ਖ਼ੂਨ ਦੇ ਥੱਕੇ ਬਣਨਾ। ਘੱਟ ਪਲੇਟਲੈਟਸ ਕਾਊਂਡ ਦੇ ਨਾਲ ਦਿਮਾਗ਼ ਜਾਂ ਹੋਰ ਖ਼ੂਨ ਦੀਆਂ ਨਾੜਾਂ ‘ਚ ਇਸ ਨਾਲ ਥੱਕਾ ਬਣ ਸਕਦਾ ਹੈ।’
ਕੀ ਬੋਲੇ ਐਕਸਪਰਟ ?
ਉਨ੍ਹਾਂ ਅੱਗੇ ਕਿਹਾ, ‘WHO ਅਨੁਸਾਰ, ਐਡੀਨੋਵਾਇਰਸ ਵੈਕਟਰ ਵੈਕਸੀਨ ਅਜਿਹੀ ਸਥਿਤੀ ਨਾਲ ਘੱਟ ਹੀ ਜੁੜੀ ਹੁੰਦੀ ਹੈ। ਹਾਲਾਂਕਿ ਕੋਵਿਡ ਵੈਕਸੀਨ ਨੇ ਕਈ ਮੌਤਾਂ ਨੂੰ ਰੋਕਿਆ ਹੈ, ਪਰ ਇਸ ਨਾਲ ਸਬੰਧਤ ਕਈ ਰਿਪੋਰਟਾਂ ਨਾਮਵਰ ਰਸਾਲਿਆਂ ‘ਚ ਪ੍ਰਕਾਸ਼ਤ ਹੋਈਆਂ ਹਨ।’ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੋਵੀਸ਼ੀਲਡ ਦਾ ਉਤਪਾਦਨ ਕੀਤਾ, ਪਰ mRNA ਪਲੇਟਫਾਰਮ ਦੀ ਵਰਤੋਂ ਨਹੀਂ ਕੀਤੀ। ਇਸ ਨੂੰ ਵਾਇਰਲ ਵੈਕਟਰ ਪਲੇਟਫਾਰਮ ਦੀ ਵਰਤੋਂ ਕਰ ਕੇ ਤਿਆਰ ਕੀਤਾ ਗਿਆ ਹੈ। ਇਹ ਕੋਲਡ ਵਾਇਰਸ ਮੂਲ ਰੂਪ ‘ਚ ਰਿਸੀਵਰ ਨੂੰ ਇਨਫੈਕਟਿਡ ਕਰਨ ‘ਚ ਅਸਮਰੱਥ ਹੈ, ਪਰ ਅਜਿਹੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਅਜਿਹੇ ਵਾਇਰਸ ਖਿਲਾਫ਼ ਇਕਤੰਤਰ ਤਿਆਰ ਕਰਨ ਲਈ ਬਹੁਤ ਚੰਗੀ ਤਰ੍ਹਾਂ ਸਿਖਾ ਸਕਦਾ ਹੈ। ਇਬੋਲਾ ਦੀ ਵੈਕਸੀਨ ਬਣਾਉਣ ‘ਚ ਵੀ ਅਜਿਹੀ ਤਕਨੀਕ ਇਸਤੇਮਾਲ ਹੋਈ ਹੈ।
ਕੰਪਨੀ ਅਦਾ ਕਰੇਗੀ ਭਾਰੀ ਮੁਆਵਜ਼ਾ ?
ਬਰਤਾਨੀਆ ਦੀ ਇਕ ਅਦਾਲਤ ‘ਚ 51 ਮਾਮਲਿਆਂ ‘ਚ ਪੀੜਤਾਂ ਨੇ 10 ਕਰੋੜ ਪੌਂਡ ਤਕ ਦੇ ਹਰਜਾਨੇ ਦੀ ਮੰਗ ਕੀਤੀ ਹੈ। ਕੇਸ ਦੀ ਪਹਿਲੀ ਸ਼ਿਕਾਇਤਕਰਤਾ ਜੈਮੀ ਸਕਾਟ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਅਪ੍ਰੈਲ 2021 ‘ਚ ਵੈਕਸੀਨ ਮਿਲੀ ਸੀ, ਜਿਸ ਨਾਲ ਖ਼ੂਨ ‘ਚ ਥੱਕਾ ਜੰਮਣ ਤੋਂ ਬਾਅਦ ਉਨ੍ਹਾਂ ਦੇ ਦਿਮਾਗ਼ ‘ਚ ਪੱਕੀ ਸੱਟ ਲੱਗ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਰਨ ਉਹ ਕੰਮ ਕਰਨ ‘ਚ ਅਸਮਰੱਥ ਹੋ ਗਏ। ਤਿੰਨ ਵਾਰ ਉਨ੍ਹਾਂ ਦੀ ਪਤਨੀ ਨੂੰ ਹਸਪਤਾਲ ਨੇ ਇਹ ਵੀ ਕਹਿ ਦਿੱਤਾ ਕਿ ਉਹ ਮਰਨ ਵਾਲੇ ਹਨ। ਐਸਟ੍ਰਾਜੈਨੇਕਾ ਨੇ ਸਕੌਟ ਦੇ ਦਾਅਵੇ ਦੇ ਕਾਨੂੰਨੀ ਬਚਾਅ ‘ਚ TTS ਦੀ ਗੱਲ ਕਬੂਲੀ ਹੈ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਹੁਣ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰਜਾਨਾ ਭਰਨਾ ਪਵੇਗਾ।