ਸ੍ਰੀ ਦਮਦਮਾ ਸਾਹਿਬ:- 11 ਅਪ੍ਰੈਲ 2024 – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁੱਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਬੁੱਢਾ ਦਲ ਦੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਵਿਸਾਖੀ ਪੁਰਬ ਨੁੰ ਸਰਪਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਕੀਤੇ ਗਏ ਜਿਸ ਦਾ ਭੋਗ 13 ਅਪ੍ਰੈਲ ਨੂੰ ਪਵੇਗਾ ਅਤੇ ਏਸੇ ਤਰ੍ਹਾਂ 12 ਅਪ੍ਰੈਲ ਨੂੰ ਸ੍ਰੀ ਦਸਮ ਗ੍ਰੰਥ ਜੀ ਅਤੇ ਸ੍ਰੀ ਸਰਬਲੋਹ ਗ੍ਰੰਥ ਜੀ ਦੇ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 14 ਅਪ੍ਰੈਲ ਨੂੰ ਪਾਏ ਜਾਣਗੇ। ਅੱਜ ਬੁੱਢਾ ਦਲ ਦੇ ਹੈਡਕੁਆਟਰ ਗੁ: ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਕ ਅਰਦਾਸ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕੀਤੀ ਅਤੇ ਬਾਬਾ ਮੱਘਰ ਸਿੰਘ ਮੁੱਖ ਗ੍ਰੰਥੀ ਬੁੱਢਾ ਦਲ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇਸ ਸਮੇਂ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੇ ਸੰਗਤ ਨੂੰ ਵਿਸਾਖੀ ਦੇ ਦਿਹਾੜੈ ਤੇ ਵੱਧ ਚੜ੍ਹ ਕੇ ਦਮਦਮਾ ਸਾਹਿਬ ਪੁੱਜਣ ਲਈ ਸੱਦਾ ਦਿੱਤਾ। ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਗੁ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।
ਮੈਨੇਜ਼ਰ ਰਣਜੀਤ ਸਿੰਘ ਵੀ ਨਾਲ ਸਨ। ਅਰੰਭਕ ਅਰਦਾਸ ਸਮੇਂ ਇਸ ਸਮੇਂ ਬਾਬਾ ਜੱਸਾ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਅਰਜਨ ਸਿੰਘ ਸ਼ਿਵਜੀ, ਬਾਬਾ ਕੁਲਦੀਪ ਸਿੰਘ ਡੀ.ਸੀ, ਬਾਬਾ ਮਲੂਕ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਇੰਦਰ ਸਿੰਘ, ਭਾਈ ਮਾਨ ਸਿੰਘ ਲਿਖਾਰੀ, ਬਾਬਾ ਮੇਜਰ ਸਿੰਘ ਮੁਖਤਾਰਿਆਮ, ਬਾਬਾ ਪ੍ਰੇਮ ਸਿੰਘ ਵਾਹਿਗੁਰੂ, ਬਾਬਾ ਲੱਖਾ ਸਿੰਘ ਅਤੇ ਆਦਿ ਸੰਗਤਾਂ ਵਿਚ ਹਾਜ਼ਰ ਸਨ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਦਸਿਆਂ ਕਿ ਦੋ ਰੋਜ਼ਾ ਬੁੱਢਾ ਦਲ ਦੇ ਹੈੱਡਕੁਆਟਰ ਵਿਖੇ ਸਿੱਖ ਸ਼ਸ਼ਤਰ ਕਲਾ ਗਤਕੇ ਦੇ ਮੁਕਾਬਲੇ ਕਰਵਾਏ ਜਾਣਗੇ। ਹਰ ਸਾਲ ਦੀ ਤਰਾਂ ਵਿਸਾਖੀ ਦੇ ਇਤਿਹਾਸਕ ਦਿਹਾੜੇ ਪੁਰ ਸਿੱਖ ਸ਼ਸ਼ਤਰ ਕਲਾ ਨਾਲ ਸਬੰਧਤ ਮਾਲਵਾ ਗਤਕਾ ਕੱਪ ਮੁਕਾਬਲੇ ਕਰਵਾਏ ਜਾਣਗੇ।
ਇਸ ਵਾਰ ਇਨ੍ਹਾਂ ਮੁਕਾਬਲਿਆਂ ਵਿਚ 20 ਦੇ ਕਰੀਬ ਨਾਮਵਰ ਟੀਮਾਂ ਭਾਗ ਲੈਣਗੀਆਂ। ਨਾਮਵਰ ਉੱਚ ਕੋਟੀ ਦੇ ਰੈਫਰੀ, ਗਤਕਾ ਉਸਤਾਦ, ਜੱਜਮੈਂਟ ਦੀ ਸੇਵਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਿੱਖ ਪ੍ਰੰਪਰਾਵਾਂ ਵਿਚ ਸ਼ਸ਼ਤਰ ਕਲਾ ਦਾ ਅਹਿਮ ਸਥਾਨ ਹੈ ਇਸ ਲਈ ਇਸ ਕਲਾ ਦੀ ਪ੍ਰਫੁਲਤਾ ਲਈ ਅਜਿਹੇ ਜਤਨਾ ਦੀ ਅਹਿਮ ਲੋੜ ਹੈ। ਇਸੇ ਮਕਸਦ ਨੂੰ ਪੂਰਾ ਕਰਨ ਲਈ ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹਰ ਸਾਲ ਸਿੱਖ ਸ਼ਸ਼ਤਰ ਕਲਾ ਦੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਬੁੱਢਾ ਦਲ ਵਲੋਂ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਦੋ ਰੋਜ਼ਾ ਅੰਤਰਰਾਸ਼ਟਰੀ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ।