ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਪ੍ਰਦਰਸ਼ਨ ਕਰ ਰਹੇ ਹਨ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਦਿੱਲੀ ਦੇ ਪਟੇਲ ਚੌਕ ਮੈਟਰੋ ਸਟੇਸ਼ਨ ਦੇ ਬਾਹਰ ‘ਆਪ’ ਆਗੂ ਤੇ ਵਰਕਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਦਿੱਲੀ ਦਾ ਕੋਈ ਵੀ ਵੱਡਾ ਨੇਤਾ ਮੌਜੂਦ ਨਹੀਂ ਸੀ। ਕਰੋਲ ਬਾਗ ਤੋਂ ਵਿਧਾਇਕ ਸਮੇਤ ਕੁਝ ਵਿਧਾਇਕ ਤੇ ਕੌਂਸਲਰ ਮੌਜੂਦ ਹਨ।
ਹਿਰਾਸਤ ‘ਚ ਲਏ ਗੇ ‘ਆਪ’ ਆਗੂ ਤੇ ਵਰਕਰ
‘ਆਪ’ ਵਰਕਰਾਂ ਨੇ ਸੜਕ ’ਤੇ ਲੇਟ ਕੇ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਦੌਰਾਨ ‘ਆਪ’ ਵਰਕਰ ‘ਕੇਜਰੀਵਾਲ ਨੂੰ ਰਿਹਾਅ ਕਰੋ…ਕੇਜਰੀਵਾਲ ਨੂੰ ਰਿਹਾਅ ਕਰੋ’ ਦੇ ਨਾਅਰੇ ਲਗਾ ਰਹੇ ਹਨ। ਵਿਧਾਨ ਸਭਾ ਦੀ ਡਿਪਟੀ ਸਪੀਕਰ ਰਾਖੀ ਬਿਰਲਾ ਵੀ ਮੌਕੇ ‘ਤੇ ਪਹੁੰਚੀ ਹੈ।
ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਵਿਧਾਇਕ ਅਤੇ ਉਮੀਦਵਾਰ ਸੋਮਨਾਥ ਭਾਰਤੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ‘ਆਪ’ ਆਗੂਆਂ ਤੇ ਵਰਕਰਾਂ ਨੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਅੱਜ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਕੇਜਰੀਵਾਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭਾਜਪਾ ਦਾ ਪ੍ਰਦਰਸ਼ਨ
ਦੂਜੇ ਪਾਸੇ ਕੇਜਰੀਵਾਲ ਨੇ ਗ੍ਰਿਫਤਾਰੀ ਤੋਂ ਬਾਅਦ ਵੀ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਸਰਕਾਰ ਜੇਲ੍ਹ ਤੋਂ ਚਲਾਵੇਗਾ। ਉਹ ਦਲੀਲ ਦੇ ਰਿਹਾ ਹੈ ਕਿ ਕਿਸੇ ਦੋਸ਼ ‘ਚ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਕਾਨੂੰਨ ‘ਚ ਕੋਈ ਵਿਵਸਥਾ ਨਹੀਂ ਹੈ। ਇਸ ਦੇ ਨਾਲ ਹੀ ਭਾਜਪਾ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਪਾਰਟੀ ਆਗੂ ਤੇ ਵਰਕਰ ਮੰਗਲਵਾਰ ਨੂੰ ਅਰੁਣ ਜੇਤਲੀ ਸਟੇਡੀਅਮ (ਫਿਰੋਜ਼ ਸ਼ਾਹ ਕੋਟਲਾ) ਤੋਂ ਦਿੱਲੀ ਸਕੱਤਰੇਤ ਤਕ ਰੋਸ ਮਾਰਚ ਕੱਢ ਕੇ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੇ ਨੇਤਾਵਾਂ ‘ਚ ਨਹੀਂ ਬਚੀ ਨੈਤਿਕਤਾ – ਭਾਜਪਾ
ਇਸ ਸਬੰਧੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਕੋਈ ਨੈਤਿਕਤਾ ਨਹੀਂ ਬਚੀ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਆਬਕਾਰੀ ਨੀਤੀ ਘਪਲੇ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਵੀ ਆਪਣਾ ਅਹੁਦਾ ਨਹੀਂ ਛੱਡ ਰਹੇ। ਭਾਜਪਾ ਉਨ੍ਹਾਂ ਦੇ ਅਸਤੀਫੇ ਲਈ ਅੰਦੋਲਨ ਤੇਜ਼ ਕਰੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਸੰਘਰਸ਼ ਸਦਕਾ ਆਬਕਾਰੀ ਘੁਟਾਲੇ ਦੀ ਜਾਂਚ ਸੀਬੀਆਈ ਅਤੇ ਈਡੀ ਨੂੰ ਸੌਂਪੀ ਗਈ ਹੈ। ਇਸ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸੰਸਦ ਮੈਂਬਰ ਸੰਜੇ ਸਿੰਘ ਜੇਲ੍ਹ ਵਿਚ ਹਨ।
ਸਿਸੋਦੀਆ ਨੂੰ ਆਪਣਾ ਅਹੁਦਾ ਛੱਡਣਾ ਪਿਆ। ਕੇਜਰੀਵਾਲ ਨੂੰ ਵੀ ਅਹੁਦਾ ਛੱਡਣਾ ਪਵੇਗਾ। ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਪਾਰਟੀ ਨੇ ਰਾਜਘਾਟ ‘ਤੇ ਪ੍ਰਦਰਸ਼ਨ ਕੀਤਾ ਹੈ। ਇਸੇ ਲੜੀ ਤਹਿਤ ਮੰਗਲਵਾਰ ਨੂੰ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਦੇ ਅਸਤੀਫੇ ਤੱਕ ਅੰਦੋਲਨ ਜਾਰੀ ਰਹੇਗਾ।