ਚੰਡੀਗੜ੍ਹ : ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਮੌਤ ਦੇ ਮਾਮਲੇ ‘ਚ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਆਪਣੀ ਰਿਪੋਰਟ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੂੰ ਭੇਜ ਦਿੱਤੀ ਹੈ। ਚੋਣ ਅਧਿਕਾਰੀ ਵੱਲੋਂ ਰਿਪੋਰਟ ‘ਚ ਹੁਣ ਤਕ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ ਹੈ। ਚੇਤੇ ਰਹੇ ਕਿ ਮੁੱਖ ਚੋਣ ਅਧਿਕਾਰੀ ਨੇ ਇਸ ਮਾਮਲੇ ‘ਚ ਮੁੱਖ ਸਕੱਤਰ ਤੇ ਡੀਜੀਪੀ ਪੰਜਾਬ ਤੋਂ ਰਿਪੋਰਟ ਮੰਗੀ ਸੀ।
ਚਾਰ ਮੈਂਬਰੀ SIT ਟੀਮ ਦਾ ਕੀਤਾ ਗਠਨ
ਡੀਜੀਪੀ ਗੌਰਵ ਯਾਦਵ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ‘ਚ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਇਸ ਮਾਮਲੇ ‘ਚ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਦੋ ਅਜੇ ਵੀ ਫਰਾਰ ਹਨ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਨਕਲੀ ਸ਼ਰਾਬ ਦੀ ਫੈਕਟਰੀ ਲਗਾਉਣ ਦੀ ਸਾਜ਼ਿਸ਼ ਸੰਗਰੂਰ ਜੇਲ੍ਹ ਤੋਂ ਰਚੀ ਗਈ ਸੀ।
ਇੰਟਰਨੈੱਟ ਮੀਡੀਆ ਤੋਂ ਸਿੱਖ ਰਹੇ ਸੀ ਸ਼ਰਾਬ ਬਣਾਉਣਾ
ਇੰਟਰਨੈੱਟ ਮੀਡੀਆ ਯੂ-ਟਿਊਬ ‘ਤੇ ਵੀਡੀਓ ਦੇਖਣ ਤੋਂ ਬਾਅਦ ਉਸ ਨੇ ਘਰ ‘ਚ ਸਸਤੀ ਸ਼ਰਾਬ ਬਣਾਉਣ ਦੀ ਫੈਕਟਰੀ ਲਗਾ ਦਿੱਤੀ। ਮੁਲਜ਼ਮ ਦੀ ਇਹ ਪਹਿਲੀ ਡਿਲੀਵਰੀ ਸੀ। ਸ਼ਰਾਬ ‘ਚ ਮੀਥਾਨੌਲ ਮਿਲਾਇਆ ਗਿਆ ਸੀ ਜਿਸ ਕਾਰਨ ਸ਼ਰਾਬ ਜ਼ਹਿਰੀਲੀ ਹੋ ਗਈ ਸੀ। ਮਾਮਲੇ ਦੀਆਂ ਤਾਰਾਂ ਨੋਇਡਾ ਤੋਂ ਲੁਧਿਆਣਾ ਤਕ ਜੁੜੀਆਂ ਹੋਈਆਂ ਹਨ। ਮੁਲਜ਼ਮਾਂ ਨੇ ਨੋਇਡਾ ਦੀ ਇਕ ਕੰਪਨੀ ਤੋਂ ਸ਼ਰਾਬ ਬਣਾਉਣ ਲਈ ਕੈਮੀਕਲ ਖਰੀਦਿਆ ਸੀ ਜਦੋਂਕਿ ਸ਼ਰਾਬ ਦੀਆਂ ਬੋਤਲਾਂ ਤੇ ਕੈਪ ਬਣਾਉਣ ਦਾ ਸਾਮਾਨ ਲੁਧਿਆਣਾ ਤੋਂ ਖਰੀਦਿਆ ਸੀ। ਉਨ੍ਹਾਂ ਦੱਸਿਆ ਕਿ ਸਾਮਾਨ ਦੀ ਖਰੀਦਦਾਰੀ ਲਈ ਸਾਰਾ ਲੈਣ-ਦੇਣ ਆਨਲਾਈਨ ਕੀਤਾ ਗਿਆ ਹੈ। ਇਸ ਮਾਮਲੇ ‘ਚ ਸੰਗਰੂਰ ਜ਼ਿਲ੍ਹੇ ਦੇ ਤਿੰਨ ਥਾਣਿਆਂ ‘ਚ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਇਸ ਮਾਮਲੇ ‘ਚ ਹੁਣ ਤਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ‘ਚ ਜਿਨ੍ਹਾਂ ਕੰਪਨੀਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਸਾਰਿਆਂ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਆਈਟੀ ਵੱਲੋਂ ਕੰਪਨੀਆਂ ਨੂੰ ਸੰਮਨ ਭੇਜੇ ਗਏ ਹਨ। ਐਸਆਈਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਜਲਦ ਹੀ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।