ਕਪੂਰਥਲਾ (ਸਾਹਿਲ ਗੁਪਤਾ): ਥਾਣਾ ਸਦਰ ਅਧੀਨ ਪੈਂਦੇ ਪਿੰਡ ਸੁੰਨੜਵਾਲ ਨੇੜੇ ਨਸ਼ਾ ਤਸਕਰਾਂ ਵੱਲੋਂ ਨਾਰਕੋਟਿਕਸ ਕ੍ਰਾਈਮ ਬਿਊਰੋ ਚੰਡੀਗੜ੍ਹ ਦੀ ਟੀਮ ‘ਤੇ ਉਸ ਸਮੇਂ ਫਾਇਰਿੰਗ ਕੀਤੀ ਗਈ, ਜਦੋਂ ਟੀਮ ਛਾਪੇਮਾਰੀ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕਰਨ ਲਈ ਆਈ ਸੀ ਜਿਸ ਨਾਲ ਕੋਰੀਅਰ ਕੰਪਨੀ ਦਾ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ। ਇਸ ਦੌਰਾਨ ਇਕ ਮੁਲਜ਼ਮ ਨੂੰ ਕਾਬੂ ਕਰ ਕੇ ਐਨਸੀਬੀ ਦੀ ਟੀਮ ਆਪਣੇ ਨਾਲ ਲੈ ਗਈ।
ਜਾਣਕਾਰੀ ਅਨੁਸਾਰ ਇਕ ਵਿਅਕਤੀ ਵੱਲੋਂ ਅੱਧਾ ਕਿਲੋ ਅਫੀਮ ਕਿਸੇ ਚੀਜ਼ ‘ਚ ਪਾ ਕੇ ਕੋਰੀਅਰ ਰਾਹੀਂ ਇੰਗਲੈਂਡ ਰਹਿੰਦੇ ਕਿਸੇ ਵਿਅਕਤੀ ਨੂੰ ਜਲੰਧਰ ਦੇ ਕੋਰੀਅਰ ਦਫਤਰ ਰਾਹੀਂ ਭੇਜੀ ਗਈ ਸੀ। ਦਿੱਲੀ ਪਹੁੰਚਣ ‘ਤੇ ਚੈਕਿੰਗ ਦੌਰਾਨ ਇਹ ਕੋਰੀਅਰ ਦਾ ਪਾਰਸਲ ਨਾਰਕੋਟਿਕਸ ਕ੍ਰਾਇਮ ਬਿਊਰੋ ਦੀ ਟੀਮ ਦੀ ਨਜ਼ਰ ‘ਚ ਆ ਗਿਆ। ਉਨ੍ਹਾਂ ਕੋਰੀਅਰ ਭੇਜਣ ਵਾਲੇ ਦੀ ਭਾਲ ਕਰਦੇ ਹੋਏ ਚੰਡੀਗੜ੍ਹ ਤੋਂ ਇਕ ਟੀਮ ਇੰਸਪੈਕਟਰ ਕੁਲਦੀਪ ਤੋਮਰ ਦੀ ਅਗਵਾਈ ਹੇਠ ਕਪੂਰਥਲਾ ਪੁੱਜੀ ਤੇ ਆਪਣੇ ਨਾਲ ਜਲੰਧਰ ਵਿਖੇ ਕੋਰੀਅਰ ਦਾ ਕੰਮ ਕਰਦੇ ਇਕ ਵਿਅਕਤੀ ਵਿਸ਼ਾਲ ਵਾਸੀ ਮਕਸੂਦਾਂ ਨੂੰ ਨਾਲ ਲੈ ਕੇ ਕੋਰੀਅਰ ਭੇਜਣ ਵਾਲੇ ਵਿਅਕਤੀ ਨੂੰ ਕਾਬੂ ਕਰਨ ਲਈ ਪਹੁੰਚੇ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਨਾਰਕੋਟਿਕਸ ਕੰਟਰੋਲ ਬਿਊਰੋ ਜ਼ੋਨਲ ਯੂਨਿਟ ਚੰਡੀਗੜ੍ਹ ਦੇ ਇੰਸਪੈਕਟਰ ਕੁਲਦੀਪ ਤੋਮਰ ਨੇ ਦੱਸਿਆ ਕਿ 20 ਮਾਰਚ ਨੂੰ ਉਹ ਆਪਣੀ ਟੀਮ ਤੇ ਥਾਣਾ ਸਦਰ ਅਧੀਨ ਚੌਕੀ ਕਾਲਾ ਸੰਘਿਆ ਦੇ ਮੁਲਾਜ਼ਮਾਂ ਸਮੇਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਜਾ ਰਹੇ ਸੀ ਤਾਂ ਸਾਹਮਣਿਓਂ ਇੱਕ ਗੱਡੀ ਨੰਬਰ ਪੀਬੀ08 ਡੀ ਵੀ 64 32 ਆਉਂਦੀ ਹੋਈ ਦਿਖਾਈ ਦਿੱਤੀ। ਇਸ ‘ਤੇ ਉਨ੍ਹਾਂ ਵੱਲੋਂ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਕਬਾਲ ਸਿੰਘ ਉਰਫ ਸੋਨੂ ਤੇ ਪਲਵਿੰਦਰ ਸਿੰਘ ਉਰਫ ਪਿੰਦਾ ਗੱਡੀ ਨੂੰ ਤੇਜ਼ ਰਫਤਾਰ ਨਾਲ ਭਜਾ ਕੇ ਲੈ ਗਏ।
ਇਸ ਤੋਂ ਬਾਅਦ ਉਹ ਫਿਰ ਗੱਡੀ ਦੀ ਭਾਲ ਕਰ ਰਹੇ ਸਨ ਤਾਂ ਉਕਤ ਗੱਡੀ ਸਮੇਤ ਇਕ ਖੁੱਲ੍ਹਾ ਕੈਪਰ ਵ੍ਹੀਕਲ ਜਿਸ ਵਿਚ 7-8 ਹਥਿਆਰਬੰਦ ਵਿਅਕਤੀ ਸਵਾਰ ਸਨ ਤੇ ਕੁਝ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਦੋਵੇਂ ਗੱਡੀਆਂ ਤੇਜ਼ੀ ਨਾਲ ਉਨ੍ਹਾਂ ਵੱਲ ਆਈਆਂ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਲਦੀਪ ਤੋਮਰ ਅਨੁਸਾਰ, ਉਨ੍ਹਾਂ ਨੇ ਚਲਦੇ ਵਾਹਨਾਂ ‘ਤੇ 25-30 ਦੇ ਕਰੀਬ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਪਰ ਕਾਰ ਤੇਜ਼ ਹੋਣ ਕਾਰਨ ਉਨ੍ਹਾਂ ਦੀ ਟੀਮ ਦਾ ਬਚਾਅ ਹੋ ਗਿਆ। ਦੂਜੀ ਗੱਡੀ ‘ਚ ਸਵਾਰ ਕੋਰੀਅਰ ਕੰਪਨੀ ਦਾ ਮੁਲਾਜ਼ਮ ਵਿਸ਼ਾਲ ਸ਼ਰਮਾ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਹ ਪਿੰਦਾ ਤੇ ਸੋਨੂੰ ਦੀ ਪਛਾਣ ਕਰਨ ਲਈ ਵਿਸ਼ਾਲ ਸ਼ਰਮਾ ਨੂੰ ਨਾਲ ਲੈ ਕੇ ਆਏ ਸੀ ਕਿਉਂਕਿ ਦੋਵਾਂ ਨੇ ਹੀ ਪਾਰਸਲ ਕੀਤਾ ਸੀ। ਹਮਲਾਵਰਾਂ ਦੀਆਂ ਦੋਵੇਂ ਗੱਡੀਆਂ ਗੋਲੀਬਾਰੀ ਕਰਦੇ ਹੋਏ ਅੱਗੇ ਨਿਕਲ ਗਈਆਂ।
ਉਨ੍ਹਾਂ ਦੀ ਟੀਮ ਨੇ ਦੋਵਾਂ ਵਾਹਨਾਂ ਦਾ ਪਿੱਛਾ ਕੀਤਾ ਤਾਂ ਕੁਝ ਦੂਰੀ ’ਤੇ ਉਨ੍ਹਾਂ ਦੀ ਟੀਮ ਨੇ ਪਲਵਿੰਦਰ ਸਿੰਘ ਉਰਫ਼ ਪਿੰਦਾ ਨੂੰ ਸੁਖਾਣੀ ਪੁਲ਼ੀ ਨੇੜਿਓਂ ਕਾਬੂ ਕਰ ਲਿਆ ਜਦਕਿ ਬਾਕੀ ਮੁਲਜ਼ਮ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਚੌਕੀ ਕਾਲਾ ਸੰਘਿਆਂ ਦੇ ਪੁਲਿਸ ਮੁਲਾਜ਼ਮਾਂ ਨੇ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਵਿਸ਼ਾਲ ਸ਼ਰਮਾ ਨੂੰ ਪਹਿਲਾਂ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ, ਜਿੱਥੋਂ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਥਾਣਾ ਸਦਰ ਦੀ ਪੁਲਿਸ ਵੱਲੋਂ ਮੁਲਜ਼ਮ ਪਲਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸੁੰਨੜਵਾਲ ਕਪੂਰਥਲਾ, ਇਕਬਾਲ ਸਿੰਘ ਉਰਫ ਸੋਨੂ ਪੁੱਤਰ ਅਮਰਜੀਤ ਸਿੰਘ ਵਾਸੀ ਸੁੰਨੜਵਾਲ ਕਪੂਰਥਲਾ, ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਅਮਰਜੀਤ ਸਿੰਘ ਵਾਸੀ ਸੁੰਨੜਵਾਲ ਕਪੂਰਥਲਾ ਬੱਲੀ ਵਾਸੀ ਕਾਲਾ ਸੰਘਿਆ ਤੇ ਕਾਂਤਾ ਵਾਸੀ ਪਿੰਡ ਕੁਹਾਲਾ ਕਪੂਰਥਲਾ ਤੋਂ ਇਲਾਵਾ 8 ਤੋਂ 10 ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।