ਚੰਡੀਗੜ੍ਹ : ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਟੀ ਵਿਚ ਹੁਣ ਕੋਈ ਵੀ ਕੰਮ ਆਫਲਾਈਨ ਨਹੀਂ ਹੋਵੇਗਾ। ਵੀਰਵਾਰ ਤੋਂ ਇੰਤਜ਼ਾਮਾਂ ਵਿਚ ਤਬਦੀਲੀ ਲਾਗੂ ਹੋ ਰਹੀ ਹੈ। ਆਰਐੱਲਏ ਦੀਆਂ ਸਾਰੀਆਂ 14 ਸਰਵਿਸਾਂ ਆਨਲਾਈਨ ਹੋਣਗੀਆਂ। ਇਸ ਸਿਸਟਮ ਤਹਿਤ ਮਿਲੀ ਮਿਤੀ ’ਤੇ ਪੁੱਜ ਕੇ ਕੰਮ ਕਰਵਾਉਣ ਲਈ ਆਉਣਾ ਪਵੇਗਾ। ਕਾਬਿਲੇ ਜ਼ਿਕਰ ਹੈ ਕਿ ਆਰਐੱਲਏ ਵਿਚ ਹਰ ਰੋਜ਼ 100 ਤੋਂ ਵੱਧ ਵਾਹਨ ਰਜਿਸਟ੍ਰਡ ਹੁੰਦੇ ਹਨ। ਹੁਣ ਲੋਕਾਂ ਨੂੰ ਸੈਕਟਰ-17 ਵਿਚ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ ਦਫ਼ਤਰ ਵਿਚ ਆਪਣੀ ਫਾਈਲ ਜਮ੍ਹਾਂ ਕਰਵਾਉਣ ਲਈ ਲਾਈਨਾਂ ਵਿਚ ਨਹੀਂ ਲੱਗਣਾ ਪਵੇਗਾ। ਆਨਲਾਈਨ ਆਪਣੇ ਕੰਮਾਂ ਦਾ ਸਟੇਟਸ ਵੀ ਵੇਖਿਆ ਜਾ ਸਕੇਗਾ। ਪ੍ਰਸ਼ਾਸਨਕ ਅਫ਼ਸਰਾਂ ਮੁਤਾਬਕ ਹੁਣ ਫਾਈਲਾਂ ਤਿਆਰ ਕਰ ਕੇ ਫਿਜ਼ੀਕਲੀ ਜਮ੍ਹਾਂ ਕਰਵਾਉਣ ਲਈ ਅਪਵਾਇੰਟਮੈਂਟਸ ਲੈਣ ਦੀ ਸਮੱਸਿਆ ਨਹੀਂ ਰਹੇਗੀ। ਹਰ ਤਰ੍ਹਾਂ ਦੇ ਫਾਰਮਜ਼ ਆਨਲਾਈਨ ਮੁਹੱਈਆ ਹੋ ਸਕਣਗੇ।