ਮਾਹਿਲਪੁਰ : ਮਾਹਿਲਪੁਰ ਸ਼ਹਿਰ ਦੀ ਹਦੂਦ ਨਾਲ ਲੱਗਦੇ ਪਿੰਡ ਚੰਦੇਲੀ ਦੇ ਇੱਕ ਕੁਲਚੇ ਖ਼ਾਂਦੇ ਨੌਜਵਾਨ ਨੂੰ ਪਿਸਤੌਲ ਦੀ ਨੋਕ ‘ਤੇ ਅਗਵਾ ਕਰ ਕੇ ਉਸ ਦੀ ਕੁੱਟਮਾਰ ਕਰ ਕੇ ਅਰਧ ਬੇਹੋਸ਼ੀ ਦੀ ਹਾਲਤ ਵਿਚ ਘਰ ਦੇ ਨਜ਼ਦੀਕ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਤੋਂ ਡਰਿਆ ਨੌਜਵਾਨ ਘਰੋਂ ਵੀ ਬਾਹਰ ਨਹੀਂ ਨਿੱਕਲਦਾ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਮ ਮੂਰਤੀ ਪੁੱਤਰ ਭਗਤ ਰਾਮ ਵਾਸੀ ਚੰਦੇਲੀ ਨੇ ਪਿੰਡ ਵਾਲਿਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਆਪਣੇ ਗੁਆਢੀਂ ਅਰਮਿੰਦਰ ਸਿੰਘ ਨਾਲ ਕਾਰ ਖ਼ੜ੍ਹੀ ਕਰਨ ਨੂੰ ਲੈ ਕੇ ਝਗੜਾ ਹੋ ਗਿਆ ਸੀ। ਉਸ ਝਗੜੇ ਵਿਚ ਅਰਮਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਘਰ ਆ ਕੇ ਗਾਲੀ ਗਲੋਚ ਕੀਤਾ ਸੀ। ਇਸ ਸਬੰਧੀ ਉਲਾਹਮਾ ਦੇਣ ਲਈ ਉਨ੍ਹਾ ਦਾ ਪੁੱਤਰ ਜਸਕਰਨ ਸਿੰਘ ਗੁਆਂਢੀਆਂ ਦੇ ਘਰ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਰੰਜਿਸ਼ ਤਹਿਤ ਅਰਮਿੰਦਰ ਸਿੰਘ ਨੇ ਆਪਣੇ ਨਾਲ ਚਾਰ ਪੰਜ ਹੋਰ ਅਣਪਛਾਤੇ ਵਿਅਕਤੀਆਂ ਨੂੰ ਲੈ ਕੇ 04 ਅਪ੍ਰੈਲ ਨੂੰ ਉਨ੍ਹਾਂ ਦੇ ਪੁੱਤਰ ਜਸਕਰਨ ਨੂੰ ਉਸ ਵੇਲੇ ਪਿਸਤੌਲ ਦੀ ਨੋਕ ‘ਤੇ ਅਗਵਾ ਕਰ ਲਿਆ ਸੀ। ਉਸ ਸਮੇਂ ਉਹ ਮਾਹਿਲਪੁਰ ਸ਼ਹਿਰ ਵਿਚ ਇੱਕ ਰੇਹੜੀ ‘ਤੇ ਕੁਲਚੇ ਖ਼ਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਰਮਿੰਦਰ ਸਿੰਘ ਅਤੇ ਉਸ ਦੇ ਸਾਥੀ ਜਸਕਰਨ ਨੂੰ ਅਗਵਾ ਕਰਕੇ ਅਣਪਛਾਤੀ ਥਾਂ ‘ਤੇ ਲੈ ਗਏ ਅਤੇ ਉੱਥੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਉਸ ਨੇ ਦੱਸਿਆ ਕਿ ਕੁੱਟਮਾਰ ਕਰਨ ਤੋਂ ਬਾਅਦ ਸ਼ਾਮ ਨੂੰ ਉਸ ਦੇੇ ਪੁੱਤਰ ਨੂੰ ਅਰਧ ਬੇਹੋਸ਼ੀ ਦੀ ਹਾਲਤ ਵਿਚ ਘਰ ਦੇ ਨਜ਼ਦੀਕ ਉਤਾਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਵਾਇਰਲ ਵੀਡੀਓ ਜਦੋਂ ਉਨ੍ਹਾਂ ਨੇ ਦੇਖ਼ੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਆਪਣੇ ਮੁੰਡੇ ਤੋਂ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਦੇ ਲੜਕੇ ਜਸਕਰਨ ਨੇ ਸਾਰੀ ਕਹਾਣੀ ਦੱਸ ਦਿੱਤੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਵਾਇਰਲ ਵੀਡੀਓ ਅਤੇ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉਨ੍ਹਾਂ ਲੜਕੇ ਦੇ ਬਿਆਨ ਲੈਣ ਲਈ ਥਾਣੇਦਾਰ ਦੀ ਡਿਊਟੀ ਲਗਾ ਦਿੱਤੀ ਹੈ। ਪੀੜਤ ਦਾ ਮੈਡੀਕਲ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।