ਚੰਡੀਗੜ੍ਹ : ਪੀਜੀਆਈ ਦੇ ਕਾਰਡੀਓਲਾਜੀ ਵਿਭਾਗ ਨੇ ਇਕ ਵਾਰ ਫਿਰ ਨਵੀਂ ਤਕਨੀਕ ਨਾਲ ਬਜ਼ੁਰਗ ਔਰਤ ਦਾ ਓਪਨ ਹਾਰਟ ਸਰਜਰੀ ਤੋਂ ਬਿਨਾਂ ਸਫ਼ਲ ਇਲਾਜ ਕੀਤਾ ਹੈ। ਵਿਭਾਗ ਦੇ ਸੀਨੀਅਰ ਪ੍ਰੋਫੈਸਰ ਪ੍ਰੋ. ਰਾਜੇਸ਼ ਵਿਜੈਵਰਗੀਆ ਨੇ ਟੀਏਵੀਆਈ ਯਾਨੀ ਟਰਾਂਸਕੈਥੇਟਰ ਏਓਟਿਕ ਵਾਲਵ ਇਮਪਲਾਂਟੇਸ਼ਨ ਤਕਨੀਕ ਰਾਹੀਂ 75 ਸਾਲਾ ਔਰਤ ’ਚ ਬਿਨਾਂ ਸਰਜਰੀ ਤੋਂ ਇਕ ਪਤਲੀ ਤਾਰ ਰਾਹੀਂ ਜਿਵੇਂ ਹਾਰਟ ਅਟੈਕ ’ਚ ਖ਼ੂਨ ਦੀਆਂ ਧਮਨੀਆਂ ’ਚ ਐਂਜੀਓਪਲਾਸਟੀ ਤੇ ਸਟੰਟ ਪਾਇਆ ਜਾਂਦਾ ਹੈ, ਉਸੇ ਤਰ੍ਹਾਂ ਦਿਲ ਦੇ ਵਾਲਵ ’ਚ ਇਕ ਸਟੰਟ ਰਾਹੀਂ ਇਕ ਨਵਾਂ ਵਾਲਵ ਸਥਾਪਤ ਕਰ ਕੇ ਬਜ਼ੁਰਗ ਔਰਤ ਦੀ ਜਾਨ ਬਚਾਈ। ਟੀਏਵੀਆਈ ਉਨ੍ਹਾਂ ਮਰੀਜ਼ਾਂ ਲਈ ਢੁੱਕਵਾਂ ਬਦਲ ਹੈ, ਜੋ ਓਪਨ ਹਾਰਟ ਸਰਜਰੀ ਨਾਲ ਜੁੜੇ ਜੋਖ਼ਮਾਂ ਕਾਰਨ ਓਪਨ ਹਾਰਟ ਸਰਜਰੀ ਨਹੀਂ ਕਰਵਾ ਸਕਦੇ। ਪ੍ਰੋ. ਵਿਜੈਵਰਗੀਆ ਨੇ ਦੱਸਿਆ ਕਿ ਉੱਤਰੀ ਖੇਤਰ ’ਚ ਇਹ ਪਹਿਲਾ ਮਾਮਲਾ ਸੀ, ਜਿਸ ’ਚ ਯੂਐੱਸਐੱਫਡੀਏ ਵੱਲੋਂ ਸਿਫ਼ਾਰਸ਼ਸ਼ੁਦਾ ਬੈਲੂਨ-ਐਕਸਪੇਂਡੇਬਲ ਵਾਲਵ ਤੇ ਦਿਮਾਗ਼ ਸੁਰੱਖਿਆ ਉਪਕਰਨ ਦੀ ਵਰਤੋਂ ਕਰ ਕੇ ਸੁਰੱਖਿਅਤ ਟੀਏਵੀਆਈ ਸਰਜਰੀ ਕੀਤੀ ਗਈ।