ਚੰਡੀਗੜ੍ਹ : ਦਿੱਲੀ ਅੰਦਰ ਜਿਸ ਤਰ੍ਹਾਂ ਦੀ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਨੇ ਕੀਤੀ ਹੈ, ਉਸ ਨਾਲ ਪਾਰਟੀ ਦਾ ਭ੍ਰਿਸ਼ਟਾਚਾਰ ਨੂੰ ਲੈ ਕੇ ਦੋਹਰਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸ਼ੁਭਾਸ਼ ਸਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਵਿਜੀਲੈਂਸ ਕਈ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਨੋਟਿਸ ਭੇਜ ਰਹੀ ਹੈ, ਜਾਂਚ ਲਈ ਬੁਲਾਇਆ ਜਾ ਰਿਹਾ ਹੈ, ਕਾਰਵਾਈ ਹੋ ਰਹੀ ਹੈ, ਐੱਫਆਈਆਰਜ ਦਰਜ ਹੋ ਰਹੀ ਹੈ ਤੇ ਕਈ ਸਾਬਕਾ ਮੰਤਰੀ ਜੇਲ੍ਹ ’ਚ ਵੀ ਹਨ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਛੁੱਟੀ ਵਾਲੇ ਦਿਨ ਬੁਲਾ ਕੇ ਸੱਤ ਘੰਟੇ ਪੁੱਛਗਿੱਛ ਕੀਤੀ ਗਈ। ਦੂਜੇ ਪਾਸੇ ਦਿੱਲੀ ਦੀ ਸਰਕਾਰ ਜਿਸ ਨੇ ਆਬਕਾਰੀ ’ਚ ਭ੍ਰਿਸ਼ਟਾਚਾਰ ਕੀਤਾ ਹੈ, ਜਿਸ ਕਰਕੇ ਮਨੀਸ਼ ਸਿਸੋਦੀਆ ਜੇਲ੍ਹ ’ਚ ਹਨ ਅਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਂਚ ਲਈ ਬੁਲਾਇਆ ਗਿਆ ਸੀ, ਉਨ੍ਹਾਂ ਨੂੰ ਲੈ ਕੇ ਇੰਨਾ ਹੰਗਾਮਾ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਜੇ ਪੰਜਾਬ ’ਚ ਵਿਜੀਲੈਂਸ ਨੂੰ ਜਾਂਚ ਕਰਨ ਦਾ ਅਧਿਕਾਰ ਹੈ ਤਾਂ ਫਿਰ ਸੀਬੀਆਈ ਨੂੰ ਦਿੱਲੀ ’ਚ ਜਾਂਚ ਜਾਂ ਕਾਰਵਾਈ ਕਰਨ ਦਾ ਅਧਿਕਾਰ ਕਿਉਂ ਨਹੀਂ ਹੈ? ਇਸ ’ਤੇ ਇੰਨਾ ਰੌਲਾ-ਰੱਪਾ ਕਿਉਂ ਪਾਇਆ ਜਾ ਰਿਹਾ ਹੈ? ਭ੍ਰਿਸ਼ਟ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਹਾਲ ‘ਚੋਰ ਮਚਾਏ ਸ਼ੋਰ’ ਵਾਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਾਂਚ ਨੂੰ ਪ੍ਰਭਾਵਿਤ ਨਾ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਭ੍ਰਿਸ਼ਟ ਪਾਲਿਸੀ ਤੁਸੀਂ ਪੰਜਾਬ ’ਚ ਲੈ ਕੇ ਆਏ ਹੋ, ਇਸ ਦੀ ਵੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੀ ਭ੍ਰਿਸ਼ਟਾਚਾਰੀਆਂ ਦਾ ਸਰਗਨਾ ਹੈ।