ਚੰਡੀਗੜ੍ਹ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੇਂਦਰ ਸਰਕਾਰ ਵਲੋਂ ਸਿਲੇਬਸ ਵਿੱਚੋਂ ਬਹੁਤ ਸਾਰੇ ਵਿਸ਼ੇ ਹਟਾਉਣ ਤੇ ਸਖਤ ਨਿਖੇਧੀ ਕਰਦਿਆਂ ਇਸ ਖਿਲਾਫ 18 ਤੇ 19 ਅਪ੍ਰੈਲ ਨੂੰ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿਚ ਤਿੱਖੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਪੀਐੱਸਯੂ ਦੇ ਸੂਬਾ ਪ੍ਰਧਾਨ ਸਾਥੀ ਰਣਵੀਰ ਸਿੰਘ, ਜਨਰਲ ਸਕੱਤਰ ਸਾਥੀ ਅਮਨਦੀਪ ਸਿੰਘ ਖਿਓਵਾਲੀ ਅਤੇ ਪ੍ਰੈੱਸ ਸਕੱਤਰ ਸਾਥੀ ਮੰਗਲਜੀਤ ਪੰਡੋਰੀ ਨੇ ਕਿਹਾ, ‘‘ਕੇਂਦਰੀ ਹਾਕਮਾਂ ਨੇ ਸਾਜ਼ਿਸ਼ ਤਹਿਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿਲੇਬਸ ਵਿੱਚੋਂ ਇਤਿਹਾਸ, ਰਾਜਨੀਤੀ ਸਾਸਤਰ ਆਦਿ ਦੇ ਵਿਸ਼ਿਆਂ ਨੂੰ ਹਟਾ ਦਿੱਤਾ ਗਿਆ ਹੈ। ਜਿਸ ਵਿਚ ਇਤਿਹਾਸ ਦੀਆਂ ਮੁਸਲਿਮ ਸੁਲਤਾਨ, ਮੁਗਲ ਬਾਦਸਾਹ, ਸਨਅਤੀ ਇਨਕਲਾਬ, ਜਮਹੂਰੀਅਤ ਨੂੰ ਚੁਣੌਤੀਆਂ ਆਦਿ ਵਿਸ਼ੇ ਹਟਾ ਦਿੱਤੇ ਗਏ ਹਨ। ਇਵੇਂ ਹੀ ਹੀ ਰਾਜਨੀਤੀ ਸ਼ਾਸਤਰ ਵਿੱਚੋਂ ਵਾਤਾਵਰਨ ਨੂੰ ਬਚਾਉਣ ਲਈ ਪ੍ਰੇਰਣਾਦਾਇਕ ‘ਚਿਪਕੋ ਅੰਦੋਲਨ’, ‘ਕਿਸਾਨ ਯੂਨੀਅਨ’, ‘ਨਰਮਦਾ ਬਚਾਓ ਅੰਦੋਲਨ’ ਆਦਿ ਵਿਸ਼ੇ ਹਟਾ ਦਿੱਤੇ ਗਏ ਹਨ’’
ਆਗੂਆਂ ਨੇ ਅੱਗੇ ਕਿਹਾ ਕਿ ਹਰ ਇਤਿਹਾਸਕ, ਰਾਜਨੀਤਕ ਘਟਨਾਵਾਂ ਦਾ ਚੰਗਾ ਮਾੜਾ ਪੱਖ ਹੁੰਦਾ ਹੈ ਪਰ ਵਿਦਿਆਰਥੀਆਂ ਨੂੰ ਇਸ ਨੂੰ ਸਮਝਣ ਅਤੇ ਇਸ ਸਬੰਧੀ ਗਿਆਨ ਪ੍ਰਾਪਤ ਕਰਨ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ। ਜਮਹੂਰੀਅਤ ਵਾਲੇ ਦੇਸ਼ ਵਚ ਸਰਕਾਰ ਆਪਣੀਆਂ ਪਾਰਟੀਆਂ ਦੀ ਸੋਚ ਮੁਤਾਬਕ ਸਿਲੇਬਸ ਨਹੀਂ ਬਦਲ ਸਕਦੀਆਂ। ਕੇਂਦਰ ਸਰਕਾਰ ਇਸੇ ਤਰਜ਼ ’ਤੇ ਕੰਮ ਕਰ ਰਹੀ ਹੈ, ਪਹਿਲਾਂ ਇਤਿਹਾਸਕ ਥਾਵਾਂ ਦੇ ਨਾਂ ਬਦਲੇ ਤੇ ਹੁਣ ਸਿਲੇਬਸ ਬਦਲਿਆ ਜਾ ਰਿਹਾ ਹੈ।