ਲੁਧਿਆਣਾ : ਫਿਰੋਜ਼ਪੁਰ ਰੋਡ ‘ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਹਿਲਾ ਮੈਡੀਕਲ ਹੈਲਪਰ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮ੍ਰਿਤਕਾ ਗੁਰਪ੍ਰੀਤ ਕੌਰ (21) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਜਗਰਾਉਂ ਦੇ ਵਾਸੀ ਗੁਰਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਗੁਰਪ੍ਰੀਤ ਕੌਰ ਫਿਰੋਜ਼ਪੁਰ ਰੋਡ ‘ਤੇ ਪੈਂਦੇ ਅਮਰੀਕਨ ਸਿਪਾਈ ਹਸਪਤਾਲ ਵਿਚ ਕੰਮ ਕਰਦੀ ਸੀ। ਰਾਤ ਦੇ 8 ਵਜੇ ਦੇ ਕਰੀਬ ਉਹ ਆਪਣੀ ਡਿਊਟੀ ਖ਼ਤਮ ਕਰ ਕੇ ਜਿਵੇਂ ਹੀ ਹਸਪਤਾਲ ‘ਚੋਂ ਬਾਹਰ ਆਈ, ਉਸ ਨੂੰ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਗੁਰਪ੍ਰੀਤ ਕੌਰ ਗੰਭੀਰ ਰੂਪ ‘ਚ ਫੱਟੜ ਹੋ ਗਏ। ਸਾਥੀ ਮੁਲਾਜ਼ਮਾਂ ਨੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਕੁਝ ਸਮੇਂ ਬਾਅਦ ਗੁਰਪ੍ਰੀਤ ਕੌਰ ਨੇ ਦਮ ਤੋੜ ਦਿੱਤਾ। ਇਸ ਮਾਮਲੇ ‘ਚ ਜਾਂਚ ਅਧਿਕਾਰੀ ਸੁਭਾਸ਼ ਰਾਜ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਮੇਨ ਰੋਡ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੰਗਾਲੀ ਜਾ ਰਹੀ ਹੈ। ਪੁਲਿਸ ਹਾਦਸੇ ਵਾਲੇ ਵਾਹਨ ਦੀ ਸ਼ਨਾਖਤ ਕਰਨ ਵਿੱਚ ਜੁਟ ਗਈ ਹੈ।