ਚੰਡੀਗੜ੍ਹ : ਜੀਐੱਮਐੱਸਐੱਚ-16 ਦੀ ਚੌਥੀ ਮੰਜ਼ਿਲ ਤੋਂ ਮੰਗਲਵਾਰ ਤੜਕੇ ਐਸਟੇਟ ਆਫਿਸ ਦੇ ਜੂਨੀਅਰ ਸਹਾਇਕ ਨੇ ਸ਼ੱਕੀ ਹਾਲਾਤ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰ ਤੇ ਸੈਕਟਰ 17 ਥਾਣਾ ਦੀ ਪੁਲਿਸ ਮੌਕੇ ’ਤੇ ਪਹੁੰਚੀ। ਉਥੇ ਡਿਊਟੀ ਡਾਕਟਰ ਨੇ ਜੂਨੀਅਰ ਸਹਾਇਕ ਨੂੰ ਮਿ੍ਰਤਕ ਐਲਾਨ ਦਿੱਤਾ। ਮਿ੍ਰਤਕ ਦੀ ਪਛਾਣ 36 ਸਾਲਾ ਦਿਨੇਸ਼ ਮੌਰਿਆ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਾਲੋਨੀ ਬਰਾਂਚ ’ਚ ਤਾਇਨਾਤ ਦਿਨੇਸ਼ ਨੂੰ ਅਫਸਰਾਂ ਵੱਲੋਂ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸੈਕਟਰ 17 ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੈਕਟਰ 15 ਸਥਿਤ ਯੂਟੀ ਪ੍ਰਸ਼ਾਸਨ ਦੇ ਸਰਕਾਰੀ ਮਕਾਨ ’ਚ ਦਿਨੇਸ਼ ਪਤਨੀ ਤੇ ਦੋ ਬੱਚਿਆਂ ਨਾਲ ਰਹਿੰਦਾ ਸੀ। ਉਸ ਦੇ ਪਿਤਾ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਤੋਂ ਮਾਲੀ ਸੇਵਾਮੁਕਤ ਹੋਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਿਨੇਸ਼ ਮੰਗਲਵਾਰ ਸਵੇਰੇ ਲਗਪਗ 4 ਵਜੇ ਇਕੱਲਾ ਹੀ ਜੀਐੱਮਐੱਸਐੱਚ-16 ਚਲਾ ਗਿਆ ਜਦਕਿ ਉਹ ਬਿਮਾਰ ਵੀ ਨਹੀਂ ਸੀ ਅਤੇ ਨਾ ਹੀ ਪਤਨੀ ਨੂੰ ਹਸਪਤਾਲ ਜਾਣ ਬਾਰੇ ਦੱਸਿਆ। ਇਸ ਤੋਂ ਬਾਅਦ ਲਗਪਗ 8.20 ਵਜੇ ਪੁਲਿਸ ਤੋਂ ਸੂਚਨਾ ਮਿਲੀ ਕਿ ਜੀਐੱਮਐੱਸਐੱਚ-16 ਦੀ ਇਮਾਰਤ ਹੇਠਾਂ ਦਿਨੇਸ਼ ਲਹੂ-ਲੁਹਾਨ ਪਿਆ ਮਿਲਿਆ ਹੈ। ਹਸਪਤਾਲ ਪਹੁੰਚੇ ਤਾਂ ਉਦੋਂ ਤਕ ਦਿਨੇਸ਼ ਦੀ ਮੌਤ ਹੋ ਚੁੱਕੀ ਸੀ।
ਮਿ੍ਰਤਕ ਦਿਨੇਸ਼ ਦੇ ਚਚੇਰੇ ਭਰਾ ਰਾਜ ਨਾਰਾਇਣ ਮੌਰਿਆ ਨੇ ਦੋਸ਼ ਲਾਇਆ ਕਿ ਦਿਨੇਸ਼ ਦਾ ਤਿੰਨ ਮਹੀਨੇ ਪਹਿਲਾਂ ਐਸਟੇਟ ਆਫਿਸ ਵਿਚ ਵਿੰਗ ਬਦਲਿਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਦਫਤਰ ਵਿਚ ਦਿਨੇਸ਼ ਨੂੰ ਜ਼ਿਆਦਾਤਰ 10 ਤੋਂ 11 ਵਜੇ ਰਾਤ ਤਕ ਬਿਠਾਇਆ ਜਾਂਦਾ ਸੀ। ਉਸ ਨੂੰ ਛੁੱਟੀ ਦੇਣ ਵੇਲੇ ਵੀ ਪਰੇਸ਼ਾਨ ਕੀਤਾ ਜਾਂਦਾ ਸੀ। ਘਰ ’ਚ ਅਕਸਰ ਲੋਕ ਪੁੱਛਦੇ ਸਨ ਕਿ ਦੂਸਰੇ ਮੁਲਾਜਮਾਂ ਨਾਲ ਅਜਿਹਾ ਨਹੀਂ ਹੁੰਦਾ, ਸਿਰਫ ਉਸ ਨਾਲ ਹੀ ਕਿਉਂ ਹੁੰਦਾ ਹੈ।
ਇਸ ਘਟਨਾ ਤੋਂ ਬਾਅਦ ਸੰਪਦਾ ਵਿਭਾਗ ਦੇ ਮੁਲਾਜ਼ਮਾਂ ਨੇ ਕੰਮ ਛੱਡ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੁਲਾਜ਼ਮਾਂ ਨੇ ਰੋਸ ਜ਼ਾਹਰ ਕੀਤਾ ਕਿ ਅਫਸਰਾਂ ਤੇ ਮੁਲਾਜ਼ਮਾਂ ਵੱਲੋਂ ਤੰਗ ਕੀਤੇ ਜਾਣ ਕਾਰਨ ਦਿਨੇਸ਼ ਨੇ ਖੁਦਕੁਸ਼ੀ ਕੀਤੀ ਹੈ।