ਚੰਡੀਗੜ੍ਹ: ਸੂਬੇ ਦੇ ਮੌਜੂਦਾ ਸਿਆਸੀ ਸਮੀਕਰਨਾਂ ਨੇ ਰਾਜਸੀ ਪਾਰਟੀਆਂ ਦਾ ਗਣਿਤ ਵਿਗਾੜ ਦਿੱਤਾ ਹੈ। 10 ਮਈ ਨੂੰ ਹੋਣ ਵਾਲੀ ਜਲੰਧਰ ਜ਼ਿਮਨੀ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਉਮੀਦਵਾਰ ਦੀ ਚੋਣ ਨੂੰ ਲੈ ਕੇ ਦੁਚਿੱਤੀ ਵਿਚ ਪਈਆਂ ਹੋਈਆਂ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਸਭ ਤੋਂ ਪੱਛੜ ਕੇ ਉਮੀਦਵਾਰ ਦਾ ਐਲਾਨ ਕਰਨ ਵਾਲੀ ਕਾਂਗਰਸ ਪਾਰਟੀ ਨੇ ਸਭ ਤੋਂ ਪਹਿਲਾਂ ਉਮੀਦਵਾਰ ਐਲਾਨਿਆਂ ਹੈ। ਇਹ ਗੱਲ ਵੱਖਰੀ ਹੈ ਕਿ ਕਾਂਗਰਸ ਨੇ ਆਪਣੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜਿਨ੍ਹਾਂ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਦੀ ਪਤਨੀ ਨੂੰ ਉਮੀਦਵਾਰ ਐਲਾਨਿਆ ਹੈ। ਬਾਕੀ ਸਾਰੀਆਂ ਪਾਰਟੀਆਂ ਢੁੱਕਵੇਂ ਤੇ ਵੱਡੇ ਕੱਦ ਦੇ ਆਗੂ ਦੀ ਤਲਾਸ਼ ਵਿਚ ਹਨ। ਦਿਲਚਸਪ ਗੱਲ ਹੈ ਕਿ ਹਾਕਮ ਧਿਰ ਆਮ ਆਦਮੀ ਪਾਰਟੀ ਕਿਸੇ ਵੱਡੇ ਕੱਦ ਦੇ ਆਗੂ ਨੂੰ ਉਮੀਦਵਾਰ ਬਣਾਉਣ ਦੀ ਭਾਲ ਵਿਚ ਹੈ। ਆਮ ਤੌਰ ’ਤੇ ਸਿਆਸਤ ਵਿਚ ਹਾਕਮ ਧਿਰ ਦੀ ਟਿਕਟ ਲੈਣ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਹੈ ਪਰ ਇਸ ਵਾਰ ਜਲੰਧਰ ਸੀਟ ’ਤੇ ਅਜਿਹਾ ਨਹੀਂ ਹੈ। ‘ਆਪ’ ਲਈ ਇਹ ਸੀਟ ਇਸ ਲਈ ਵੀ ਮਹੱਤਵਪੂਰਨ ਹੈ ਕਿ ਸੰਗਰੂਰ ਜ਼ਿਮਨੀ ਚੋਣ ’ਚ ਪਾਰਟੀ ਹਾਰ ਦਾ ਮੂੰਹ ਦੇਖ ਚੁੱਕੀ ਹੈ। ਇਸ ਲਈ ਇਹ ਸੀਟ ਜਿੱਤਣਾ ‘ਆਪ’ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ’ਤੇ ਵੀ ਦਾਅ ਖੇਡ ਸਕਦੀ ਹੈ। ਇਹ ਵੀ ਪਤਾ ਲੱਗਿਆ ਕਿ ‘ਆਪ’ ਨੇ ਦੂਜੀਆਂ ਪਾਰਟੀਆਂ ਦੇ ਕਈ ਵੱਡੇ ਆਗੂਆਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸੇ ਵੱਡੇ ਦਲਿਤ ਆਗੂ ਨੇੇ ‘ਆਪ’ ਦਾ ਝਾੜੂ ਫੜਨ ਵਿਚ ਦਿਲਚਸਪੀ ਨਹੀਂ ਦਿਖਾਈ। ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੂੰ ਬਕਾਇਦਾ ਪ੍ਰੈੱਸ ਬਿਆਨ ਦੇਣਾ ਪਿਆ ਕਿ ਉਹ ‘ਆਪ’ ਵਿਚ ਸ਼ਾਮਲ ਨਹੀਂ ਹੋ ਰਹੇ। ਦੂਜੇ ਪਾਸੇ ਇਹ ਸਪੱਸ਼ਟ ਹੋ ਗਿਆ ਹੈ ਕਿ ਬਹਜੁਨ ਸਮਾਜ ਪਾਰਟੀ ਨੇ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਲਈ ਇਹ ਸੀਟ ਛੱਡ ਦਿੱਤੀ ਹੈ। ਹਾਲਾਂਕਿ ਬਸਪਾ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਬਸਪਾ ਦਾ ਉਮੀਦਵਾਰ ਬਣਾਉਣ ਲਈ ਦਬਾਅ ਬਣਾ ਰਹੇ ਸਨ। ਦੱਸਿਆ ਜਾਂਦਾ ਹੈ ਕਿ ਜਸਬੀਰ ਸਿੰਘ ਗੜ੍ਹੀ ਖੁਦ ਜਾਂ ਬਲਵਿੰਦਰ ਸਿੰਘ ਨੂੰ ਚੋਣ ਲੜਾਉਣਾ ਚਾਹੁੰਦੇ ਸਨ। ਅਕਾਲੀ ਦਲ ਇਸ ਹਲਕੇ ’ਤੇ ਆਦਮਪੁਰ ਤੋਂ ਸਾਬਕਾ ਵਿਧਾਇਕ ਪਵਨ ਟੀਨੂੰ ਨੂੰ ਉਮੀਦਵਾਰ ਬਣਾਉਣ ਦੇ ਰੌਂਅ ਵਿਚ ਹੈ। ਪਵਨ ਟੀਨੂੰ ਨੇ ਆਪਣਾ ਰਾਜਨੀਤਿਕ ਸਫ਼ਰ ਬਹੁਜਨ ਸਮਾਜ ਪਾਰਟੀ ਤੋਂ ਸ਼ੁਰੂ ਕੀਤਾ ਸੀ। ਕੁਝ ਆਗੂ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਉਣ ਦਾ ਸੁਝਾਅ ਦੇ ਰਹੇ ਹਨ ਪਰ ਪਤਾ ਲੱਗਿਆ ਹੈ ਕਿ ਡਾ. ਸੁੱਖੀ ਲੋਕ ਸਭਾ ਦੀ ਚੋਣ ਲੜਨ ਦੇ ਇੱਛੁਕ ਨਹੀਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਦੁਆਬੇ ਦਾ ਇਕ ਸਾਬਕਾ ਵਿਧਾਇਕ ਜੋ ਅਕਾਲੀ ਦਲ ਵਿਚ ਚੰਗੇ ਤੇ ਇਮਾਨਦਾਰ ਆਗੂ ਵਜੋਂ ਜਾਣਿਆ ਜਾਂਦਾ ਹੈ, ਇਸ ਸੀਟ ’ਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਉਮੀਦਵਾਰ ਬਣਾਉਣ ਲਈ ਦਲੀਲ ਦੇ ਰਿਹਾ ਹੈ। ਸਰਵਣ ਸਿੰਘ ਫਿਲੌਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਕੱਟੇ ਜਾਣ ਕਰ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਬਾਅਦ ਵਿਚ ਕਾਂਗਰਸ ਨੇ ਵੀ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ। ਤਤਕਾਲੀ ਕੈਪਟਨ ਸਰਕਾਰ ਨੇ ਸਰਵਣ ਸਿੰਘ ਫਿਲੌਰ ਨੂੰ ਪਾਰਟੀ ਅਤੇ ਸਰਕਾਰ ਵਿਚ ਕੋਈ ਸਨਮਾਨ ਨਹੀਂ ਦਿੱਤਾ ਸੀ। ਮੌਜੂਦਾ ਸਿਆਸੀ ਸਮੀਕਰਨਾਂ ਨੂੰ ਦੇਖਦੇ ਹੋਏ ਕੁਝ ਆਗੂ ਸਰਵਣ ਸਿੰਘ ਫਿਲੌਰ ਦੀ ਘਰ ਵਾਪਸੀ ਕਰਵਾ ਕੇ ਚੋਣ ਲੜਾਉਣਾ ਚਾਹੁੰਦੇ ਹਨ। ਅਕਾਲੀ ਦਲ ਉਮੀਦਵਾਰ ਨਾਲ ਵੱਧ ਪਾਰਟੀ ਦੀ ਹੋਂਦ ਦੀ ਲੜਾਈ ਮੰਨ ਕੇ ਲੜਾਈ ਲੜਨਾ ਚਾਹੁੰਦਾ ਹੈ। ਅਤਿ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਅਕਾਲੀ ਦਲ ਪਵਨ ਟੀਨੂੰ ’ਤੇ ਹੀ ਦਾਅ ਖੇਡ ਸਕਦਾ ਹੈ।ਭਾਜਪਾ ਵਲੋਂ ਬੀਤੇ ਕੱਲ੍ਹ ਪਾਰਟੀ ਵਿਚ ਸ਼ਾਮਲ ਕੀਤੇ ਗਏ ਸਾਬਕਾ ਪੁਲਿਸ ਅਧਿਕਾਰੀ ਰਾਜਿੰਦਰ ਸਿੰਘ ਨੂੰ ਟਿਕਟ ਦੇਣ ਦੀ ਚਰਚਾ ਹੈ ਪਰ ਪਾਰਟੀ ਦਾ ਇਕ ਧੜਾ ਇਸ ਹਲਕੇ ਤੋਂ ਨੌਜਆਨ ਆਗੂ ਰਾਜੇਸ਼ ਬਾਘਾ ਨੂੰ ਉਮੀਦਵਾਰ ਬਣਾਉਣ ਲਈ ਦਬਾਅ ਬਣਾ ਰਿਹਾ ਹੈ। ਰਾਜੇਸ਼ ਬਾਘਾ ਪਾਰਟੀ ਵਿਚ ਇਮਾਨਦਾਰੀ ਤੇ ਸਾਫ਼ ਅਕਸ਼ ਵਾਲੇ ਦਲਿਤ ਨੇਤਾ ਵਜੋਂ ਜਾਣੇ ਜਾਂਦੇ ਹਨ। ਕਿਹੜੀ ਪਾਰਟੀ ਕਿਸ ਆਗੂ ’ਤੇ ਦਾਅ ਖੇਡੇਗੀ, ਇਹ ਸਥਿਤੀ ਆਗਾਮੀ ਦੋ ਦਿਨਾਂ ਵਿਚ ਸਪੱਸ਼ਟ ਹੋ ਜਾਵੇਗੀ ਪਰ ਇਕ ਗੱਲ ਤੈਅ ਹੈ ਜ਼ਿਮਨੀ ਚੋਣ ਅਗਾਮੀ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਦ੍ਰਿਸ਼ ਵੀ ਸਾਫ਼ ਕਰੇਗੀ।