ਫਿਰੋਜ਼ਪੁਰ: ਜ਼ਿਲ੍ਹੇ ਦੇ ਕਸਬਾ ਮੱਖੂ ਵਿਚ ਅੱਜਕੱਲ੍ਹ ‘ਮੋਬਾਈਲ ਲਿੰਗ ਨਿਰਧਾਰਨ ਟੈਸਟ’ ਕਰਨ ਵਾਲਾ ਮੈਡੀਕਲ ਮਾਫੀਆ ਸਰਗਰਮ ਹੋ ਰਿਹਾ ਹੈ। ਇਹੋ ਕਾਰਨ ਹੈ ਕਿ ਮੱਖੂ ਇਲਾਕੇ ਵਿਚ ਧਢੱਲੇ ਨਾਲ ਭਰੂਣ ਹੱਤਿਆ ਹੋ ਰਹੀ ਹੈ,ਜਦਕਿ ਮੈਡੀਕਲ ਮਾਫੀਆ ਨਾਲ ਮਿਲੀਭੁਗਤ ਦੇ ਚਲਦਿਆਂ ਸਿਹਤ ਵਿਭਾਗ ਅਤੇ ਸਥਾਨਕ ਪੁਲਿਸ ਦੇ ਕੁੱਝ ਅਧੀਕਾਰੀਆਂ ਵੱਲੋਂ ਇਸ ਪਾਸੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਅਜਿਹਾ ਹੀ ਇਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕਸਬਾ ਮੱਖੂ ਦੇ ਇਕ ਡਸਟਬੀਨ ਵਿਚੋਂ ਲਵਾਰਿਸ ਬੱਚੇ ਦੇ ਭਰੂਣ ਮਿਲਣ ਸਬੰਧੀ ਥਾਣਾ ਮੱਖੂ ਪੁਲਿਸ ਨੇ ਇਕ ਅਣਪਛਾਤੀ ਔਰਤ ਅਤੇ ਵਿਅਕਤੀ ਖਿਲਾਫ 315, 316, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੋਨੂ ਪੁੱਤਰ ਅਸ਼ੋਕ ਵਾਸੀ ਬਾਬੇ ਬੋਹੜ ਵਾਲੀ ਗਲੀ ਈਸਾ ਨਗਰੀ ਮੱਖੂ ਨੇ ਦੱਸਿਆ ਕਿ ਉਹ ਆਪਣੇ ਸਾਥੀ ਸੰਮਾ ਪੁੱਤਰ ਮੁਖਤਿਆਰ ਸਿੰਘ ਵਾਸੀ ਈਸਾ ਨਗਰੀ ਮੱਖੂ ਨਾਲ ਪੁਲ ਸੇਮਨਾਲਾ ਸੀਐੱਚਸੀ ਮੱਖੂ ਪਾਸ ਨਗਰ ਪੰਚਾਇਤ ਦੀ ਟਰਾਲੀ ਵਿਚ ਕੂੜਾ ਚੱਕ ਕੇ ਪਾ ਰਹੇ ਸੀ ਤਾਂ ਸੰਮਾ ਦੀ ਨਜ਼ਰ ਅਚਾਨਕ ਇਕ ਲਵਾਰਿਸ ਬੱਚੇ ਦੇ ਭਰੂਣ ’ਤੇ ਪਈ, ਜੋ ਕਿਸੇ ਅਣਪਛਾਤੀ ਔਰਤ ਵੱਲੋਂ ਬੱਚੇ ਨੂੰ ਜਨਮ ਲੈਂਦੇ ਹੀ ਉਸ ਨੂੰ ਜ਼ਿੰਦਾ ਹੋਣ ਤੋਂ ਰੋਕਣ ਲਈ ਜਨਮ ਤੋਂ ਬਾਅਦ ਡਸਟਬੀਨ ਵਿਚ ਪਾ ਕੇ ਸੁੱਟ ਦਿੱਤਾ ਗਿਆ ਲਗਦਾ ਸੀ । ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੀ ਔਰਤ, ਵਿਅਕਤੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕਸਬਾ ਮੱਖੂ ਲਿੰਗ ਨਿਰਧਾਰਨ ਟੈਸਟ ਅਤੇ ਭਰੂਣ ਹੱਤਿਆ ਲਈ ਬੀਤੇ ਲੰਮੇਂ ਸਮੇਂ ਤੋਂ ਕਾਫੀ ਸਰਗਰਮ ਰਿਹਾ ਹੈ। ਇਹੋ ਕਾਰਨ ਹੈ ਕਿ ਭਾਵੇਂ ਸਥਾਨਕ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਕੋਈ ਖਾਸ ਕਾਰਵਾਹੀ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ,ਪਰ ਰਾਜਸਥਾਨ ਅਤੇ ਹਰਿਆਣਾ ਵਾਲੇ ਪਾਸਿਓਂ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੱਖੂ ਵਿਚ ਛਾਪੇਮਾਰੀ ਕੀਤੀ ਜਾਂਦੀ ਰਹੀ ਹੈ