ਪਟਿਆਲਾ: ਭਾਰਤੀ ਫ਼ੌਜ ਦੇ ਸਹਿਯੋਗ ਨਾਲ ਪਟਿਆਲਾ ਪ੍ਰਸ਼ਾਸਨ ਨੇ ਅੱਜ ਸਵੇਰੇ ਇੱਕ ਵੱਡੇ ਅਪਰੇਸ਼ਨ ਰਾਹੀਂ ਕਿਸਾਨ ਗੁਰਜੀਤ ਸਿੰਘ ਖ਼ਾਲਸਾ (43) ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ। ਖ਼ਾਲਸਾ ਪਿਛਲੇ 560 ਦਿਨਾਂ ਤੋਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਥਿਤ 400 ਫੁੱਟ ਉੱਚੇ ਬੀ.ਐਸ.ਐਨ.ਐਲ. ਟਾਵਰ ’ਤੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਫ਼ੌਜ ਅਤੇ ਪੁਲਿਸ ਦੀਆਂ ਵਾਧੂ ਟੀਮਾਂ ਦੀ ਨਿਗਰਾਨੀ ਹੇਠ ਇਹ ਸਾਂਝਾ ਅਪਰੇਸ਼ਨ ਮਹਿਜ਼ 30 ਮਿੰਟਾਂ ਵਿੱਚ ਨੇਪਰੇ ਚੜ੍ਹਿਆ। ਉਨ੍ਹਾਂ ਇਸ ਨੇਕ ਕਾਰਜ ਲਈ ਸਮਰਥਨ ਦੇਣ ਵਾਲੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ, ‘ਇਹ ਸਫ਼ਰ ਸੌਖਾ ਨਹੀਂ ਸੀ, ਪਰ ਮੇਰੇ ਗੁਰੂ ’ਤੇ ਅਟੁੱਟ ਭਰੋਸੇ ਨੇ ਹੀ ਇਹ ਸਭ ਸੰਭਵ ਬਣਾਇਆ ਹੈ।’ ਬਚਾਅ ਕਾਰਜ ਵਿੱਚ ਸ਼ਾਮਲ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਵਾ ਦੀ ਰਫ਼ਤਾਰ ਅਨੁਕੂਲ ਹੋਣ ਅਤੇ ਚੰਗੀ ਧੁੱਪ ਕਾਰਨ ਹਾਈ-ਟੈਕ ਕ੍ਰੇਨ ਅਤੇ ਮਨੁੱਖੀ ਮਦਦ ਨਾਲ ਇਹ ਅਪਰੇਸ਼ਨ ਸੁਖਾਲਾ ਰਿਹਾ।
ਜ਼ਿਕਰਯੋਗ ਹੈ ਕਿ ਖ਼ਾਲਸਾ ਅਕਤੂਬਰ 2024 ਤੋਂ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਟਾਵਰ ’ਤੇ ਚੜ੍ਹੇ ਹੋਏ ਸਨ। ਇਸ ਸੰਘਰਸ਼ ਨੂੰ ਉਦੋਂ ਵੱਡੀ ਜਿੱਤ ਮਿਲੀ ਜਦੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026’ ਨੂੰ ਮਨਜ਼ੂਰੀ ਦੇ ਦਿੱਤੀ। ਇਸ ਕਾਨੂੰਨੀ ਪ੍ਰਵਾਨਗੀ ਤੋਂ ਬਾਅਦ ਖ਼ਾਲਸਾ ਨੇ ਆਪਣਾ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ।





