ਜੌਨਪੁਰ : ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਬਰਾਤ ਲੈ ਕੇ ਜਾ ਰਹੇ ਲਾੜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬੀਤੀ ਰਾਤ 9 ਵਜੇ, ਇੱਕ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਅਪਰਾਧੀਆਂ ਨੇ ਲਾੜੇ ਦੀ ਕਾਰ ਨੂੰ ਓਵਰਟੇਕ ਕੀਤਾ, ਉਸ ਨੂੰ ਰੋਕਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਲਾੜੇ ਦੇ ਪੇਟ ਵਿੱਚ ਦੋ ਅਤੇ ਜਬਾੜੇ ਵਿੱਚ ਇੱਕ ਗੋਲੀ ਲੱਗੀ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬਰਾਤੀਆਂ ਤੋਂ ਪੁੱਛਗਿੱਛ ਕੀਤੀ। ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਖੇਤਾਸਰਾਏ ਪੁਲਿਸ ਸਟੇਸ਼ਨ ਖੇਤਰ ਵਿਚ ਵਾਪਰੀ। ਸਰਾਏ ਖਵਾਜਾ ਥਾਣਾ ਖੇਤਰ ਦੇ ਬਦੌਰ ਪਿੰਡ ਦੇ ਵਸਨੀਕ ਰਾਮ ਲਖਨ ਦੇ ਪੁੱਤਰ ਆਜ਼ਾਦ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਆਜ਼ਾਦ ਪੁਣੇ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ।
ਉਸ ਦੇ ਵਿਆਹ ਦੀ ਬਰਾਤ ਰਾਤ 8 ਵਜੇ 20 ਕਿਲੋਮੀਟਰ ਦੂਰ ਖੇਤਾਸਰਾਏ ਥਾਣਾ ਖੇਤਰ ਦੇ ਬੀਬੀਪੁਰ ਪਿੰਡ ਲਈ ਰਵਾਨਾ ਹੋਈ। ਬਰਾਤ ਵਿਚ ਤਿੰਨ ਵਾਹਨ ਸ਼ਾਮਲ ਸਨ। ਇਕ ਵਿਚ ਲਾੜਾ ਤੇ ਬਾਕੀ ਦੋ ਗੱਡੀਆਂ ਵਿਚ ਰਿਸ਼ਤੇਦਾਰ ਮੌਜੂਦ ਸਨ। ਜਿਵੇਂ ਹੀ ਬਰਾਤ ਰਵਾਨਾ ਹੋਈ ਤਾਂ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਲਾੜੇ ਦਾ ਕਤਲ ਕਰ ਦਿੱਤਾ।





