ਪੰਜਾਬੀ ਅਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਅਮਰੀਕਾ ਵਿੱਚ ਆਪਣੇ ਔਰਾ ਵਰਲਡ ਟੂਰ ਸ਼ੋਅ ਦੌਰਾਨ ਗਰਮਖਿਆਲੀਆਂ ‘ਤੇ ਭੜਕ ਗਏ। ਦਿਲਜੀਤ ਨੇ ਪੋਸਟਰ ਦਿਖਾ ਰਹੇ ਗਰਮਖਿਆਲੀ ਸਮਰਥਕਾਂ ਨੂੰ ਸਟੇਜ ਤੋਂ ਜਵਾਬ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ ਦਿਲਜੀਤ ਆਪਣੇ ਕਿਸੇ ਸ਼ੋਅ ‘ਤੇ ਇੰਨੇ ਗੁੱਸੇ ਵਿੱਚ ਦਿਖਾਈ ਦਿੱਤੇ। ਦਿਲਜੀਤ ਨੇ ਸਿੱਧੂ ਮੂਸੇਵਾਲਾ ਵਾਲੇ ਅੰਦਾਜ਼ ਵਿਚ ਆਪਣੇ ਪੱਟ ‘ਤੇ ਥੱਪੀ ਮਾਰਦੇ ਹੋਏ ਕਿਹਾ, “ਜੋ ਵੀ ਵਿਰੋਧ ਕਰਨਾ ਚਾਹੁੰਦਾ ਕਰ ਲਵੇ ਮੈਨੂੰ ਕੋਈ ਪਰਵਾਹ ਨਹੀਂ। ਮੈਂ ਉਨ੍ਹਾਂ ਨੂੰ ਚੁੱਕ ਕੇ ਬਾਹਰ ਸੁੱਟ ਦਿਆਂਗਾ।” ਉਸ ਨੇ ਕਿਹਾ ਕਿ ਮੈਂ ਜਿੱਥੇ ਵੀ ਜਾਂਦਾ ਪੰਜਾਬ ਦੀ ਗੱਲ ਕਰਦਾ ਹਾਂ ਅਸੀਂ ਪੰਜਾਬ ਦੇ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕੀਤੀ। ਅਸੀਂ ਉਨ੍ਹਾਂ ਦੇ ਘਰ ਬਣਾਏ।”
ਸ਼ੋਅ (ਕੇਬੀਸੀ) ਦਾ ਨਾਮ ਲਏ ਬਿਨਾਂ, ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀ ਆਵਾਜ਼ ਰਾਸ਼ਟਰੀ ਮੀਡੀਆ ਤੱਕ ਪਹੁੰਚਾਈ। ਉਹ ਉਸ ਸ਼ੋਅ ‘ਤੇ ਆਪਣੇ ਆਪ ਨੂੰ ਜਾਂ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਨਹੀਂ, ਸਗੋਂ ਪੰਜਾਬ ਦੀ ਭਲਾਈ ਲਈ ਫੰਡ ਇਕੱਠਾ ਕਰਨ ਲਈ ਗਿਆ ਸੀ। ਇਹ ਧਿਆਨ ਦੇਣ ਯੋਗ ਹੈ ਕਿ ਦਿਲਜੀਤ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹੈ। ਉਸ ਨੇ ਜਿੰਮੀ ਦੇ ਸ਼ੋਅ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ, “ਮੈਨੂੰ ਇੱਥੇ ਜਿੰਮੀ ਦੇ ਸ਼ੋਅ ਵਿੱਚ ਜਾਣ ਦੀ ਕੀ ਲੋੜ ਸੀ? ਮੈਂ ਉੱਥੇ ਵੀ ਪੰਜਾਬ ਬਾਰੇ ਗੱਲ ਕੀਤੀ ਸੀ। ਮੈਂ ਕਾਮਾਗਾਟਾਮਾਰੂ ਘਟਨਾ ਦਾ ਜ਼ਿਕਰ ਕੀਤਾ।”
30 ਅਪ੍ਰੈਲ ਨੂੰ ਸ਼ੋਅ ਦੌਰਾਨ, ਦਿਲਜੀਤ ਨੇ ਕਿਹਾ ਕਿ ਉਹ ਹਮੇਸ਼ਾ ਹਰ ਪਲੇਟਫਾਰਮ ‘ਤੇ ਪੰਜਾਬ ਬਾਰੇ ਬੋਲਦਾ ਹੈ। ਉਹ ਟੀਵੀ ਚੈਨਲਾਂ ‘ਤੇ ਆਪਣੀਆਂ ਕਿਸੇ ਵੀ ਫਿਲਮ ਜਾਂ ਗੀਤ ਦਾ ਪ੍ਰਚਾਰ ਕਰਨ ਲਈ ਨਹੀਂ ਗਿਆ, ਸਗੋਂ ਸਿਰਫ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਲਈ ਗਿਆ। ਦਿਲਜੀਤ ਨੇ ਦੱਸਿਆ ਕਿ ਉਸ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਛੇ ਮਹੀਨੇ ਜ਼ਮੀਨ ‘ਤੇ ਬਿਤਾਏ ਅਤੇ ਇਸ ਲਈ ਆਪਣਾ ਆਸਟ੍ਰੇਲੀਆ ਦੌਰਾ ਵੀ ਰੱਦ ਕੀਤਾ।
ਦਿਲਜੀਤ ਨੇ ਜ਼ੋਰਦਾਰ ਢੰਗ ਨਾਲ ਕਿਹਾ ਕਿ ਜੇਕਰ ਕੋਈ ਪੰਜਾਬ ਕਰਕੇ ਵਿਰੋਧ ਕਰਨਾ ਚਾਹੁੰਦਾ ਤਾਂ ਕਰ ਸਕਦਾ। ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੇ ਸੰਗੀਤ ਸਮਾਰੋਹਾਂ ਵਿੱਚ ਬਜ਼ੁਰਗ ਅਤੇ ਬੱਚੇ ਦੋਵੇਂ ਆਏ ਹਨ। ਜੇਕਰ ਕੋਈ ਮਾਹੌਲ ਖ਼ਰਾਬ ਕਰਦਾ ਹੈ ਜਾਂ ਹੰਗਾਮਾ ਕਰਦਾ ਹੈ, ਤਾਂ ਉਸ ਨੂੰ ਤੁਰੰਤ ਬਾਹਰ ਕੱਢ ਦਿੱਤਾ ਜਾਵੇਗਾ। ਮੈਂ ਸ਼ੋਅ ‘ਤੇ ਕਿਸੇ ਵੀ ਵਿਰੋਧ ਪ੍ਰਦਰਸ਼ਨ ਨੂੰ ਬਰਦਾਸ਼ਤ ਨਹੀਂ ਕਰਾਂਗਾ।





