ਅੰਮ੍ਰਿਤਸਰ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਐੱਸ. ਸੀ. ਭਾਈਚਾਰ ਨੂੰ ਲੈ ਕੇ ਕੀਤੀ ਗਈ ਟਿੱਪਣੀ ਲਈ ਮੁਆਫ਼ੀ ਮੰਗ ਲਈ ਹੈ। ਮੈਂ ਕਿਸੇ ਨੂੰ ਦੁੱਖੀ ਨਹੀਂ ਕਰਨਾ ਚਾਹੁੰਦਾ ਸੀ, ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਮੁਆਫ਼ੀ ਮੰਗਦਾ ਹਾਂ, ਕਿਉਂਕਿ ਉਸ ਵੇਲੇ ਹਾਲਾਤ ਕੋਈ ਵੀ ਹੋਣ, ਉਹ ਵੱਖਰੀ ਗੱਲ ਹੈ ਪਰ ਮੰਤਰੀ ਹੋਣ ਦੇ ਨਾਤੇ ਮੇਰੇ ਮੂੰਹ ਵਿਚੋਂ ਜੋ ਵੀ ਸ਼ਬਦ ਨਿਕਲੇ ਹਨ, ਮੈਂ ਉਸ ਦੇ ਲਈ ਮੁਆਫ਼ੀ ਮੰਗਦਾ ਹਾਂ। ਅਜਿਹਾ ਨਹੀਂ ਹੋਣਾ ਚਾਹੀਦਾ ਸੀ।
ਉਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਮੈਂ ਸੰਵਿਧਾਨਕ ਸੰਸਥਾਵਾਂ ਦਾ ਸਨਮਾਨ ਕਰਦਾ ਹਾਂ। ਜੇਕਰ ਮੈਨੂੰ ਐੱਸ. ਸੀ. ਕਮਿਸ਼ਨ ਦੇ ਸਾਹਮਣੇ ਹੱਥ ਜੋੜ ਕੇ ਮੁਆਫ਼ੀ ਮੰਗਣੀ ਪਈ ਤਾਂ ਮੈਂ ਉਹ ਵੀ ਕਰਾਂਗਾ। ਜੇਕਰ ਕਮਿਸ਼ਨ ਮੈਨੂੰ ਬੁਲਾ ਕੇ ਸਪਸ਼ਟੀਕਰਨ ਮੰਗਦਾ ਹੈ ਤਾਂ ਮੈਂ ਨਿੱਜੀ ਰੂਪ ਨਾਲ ਪੇਸ਼ ਹੋਵਾਂਗਾ ਅਤੇ ਲੋੜ ਪਈ ਤਾਂ ਲਿਖਤੀ ਰੂਪ ਨਾਲ ਵੀ ਮੁਆਫ਼ੀ ਦੇਵਾਂਗਾ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ।





