ਫਾਜ਼ਿਲਕਾ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਪ੍ਰਾਪਰਟੀ ਡੀਲਰ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਹਨੀ ਟਰੈਪ ਮਾਮਲੇ ‘ਚ ਜਲਾਲਾਬਾਦ ਦੇ ਵਿਧਾਇਕ ਦੇ ਪਿਤਾ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਮਾਮਲੇ ‘ਚ ਵਿਧਾਇਕ ਦੇ ਪਿਤਾ ਸਮੇਤ ਇਕ ਹੋਰ ਦੀ ਗ੍ਰਿਫਤਾਰੀ ਕੀਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਲਾਲਾਬਾਦ ਵਾਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। 20 ਅਪਰੈਲ ਨੂੰ ਉਸ ਨੂੰ ਇੱਕ ਔਰਤ ਰਾਣੋ ਬਾਈ ਦਾ ਫ਼ੋਨ ਆਇਆ ਕਿ ਉਸ ਨੇ ਮਕਾਨ ਖ਼ਰੀਦਣਾ ਹੈ ਅਤੇ ਇਸ ਵੇਲੇ ਇੱਕ ਮੁਹੱਲੇ ਵਿੱਚ ਖੜ੍ਹੀ ਹੈ। ਜਿਸ ‘ਤੇ ਸੁਨੀਲ ਕੁਮਾਰ ਨੇ ਉਕਤ ਔਰਤ ਨੂੰ ਮਕਾਨ ਦਿਖਾ ਕੇ ਕੀਮਤ ਦੱਸੀ। ਜਿਸ ਤੋਂ ਬਾਅਦ ਉਹ ਘਰ ਆ ਗਿਆ ਪਰ ਇਸ ਤੋਂ ਬਾਅਦ ਉਸ ਨੂੰ ਔਰਤ ਦਾ ਫੋਨ ਆਇਆ ਕਿ ਉਸ ਦਾ ਲੜਕਾ ਉਸ ਨਾਲ ਝਗੜਾ ਕਰ ਰਿਹਾ ਹੈ ਕਿ ਉਸ ਨੇ ਉਸ ਨਾਲ ਗਲਤ ਕੰਮ ਕੀਤਾ ਹੈ।
ਕੁਝ ਦੇਰ ਬਾਅਦ ਔਰਤ ਦੀ ਨੂੰਹ ਨੇ ਫੋਨ ਕਰਕੇ ਔਰਤ ਨਾਲ ਜਬਰ ਜਨਾਹ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ। ਜਿਸ ਤੋਂ ਬਾਅਦ ਸੁਰਿੰਦਰ ਕੰਬੋਜ ਨੂੰ ਫੋਨ ਆਇਆ ਕਿ ਔਰਤ ਹਸਪਤਾਲ ਪਹੁੰਚ ਗਈ ਹੈ ਅਤੇ ਉਹ ਉਸ ਦਾ ਰਾਜ਼ੀਨਾਮਾ ਕਰਵਾ ਦੇਣਗੇ। ਜਿਸ ਤੋਂ ਬਾਅਦ ਉਸ ਦੀ ਸੁਰਿੰਦਰ ਕੰਬੋਜ ਨਾਲ ਗੱਲ ਹੋਈ ਤਾਂ ਉਸ ਨੇ ਦਸ ਲੱਖ ਰੁਪਏ ਵਿਚ ਸਮਝੌਤੇ ਦੀ ਗੱਲ ਕੀਤੀ। ਜਿਸ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਕੁਝ ਪੈਸਿਆਂ ਦਾ ਇੰਤਜ਼ਾਮ ਕਰਕੇ ਹਸਪਤਾਲ ਲਈ ਰਵਾਨਾ ਹੋ ਗਿਆ।
ਪਰ ਉਸਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਸੁਰਿੰਦਰ ਕੰਬੋਜ, ਰਾਣੋ ਬਾਈ, ਉਸ ਦੇ ਲੜਕੇ ਅਤੇ ਨੂੰਹ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਸੁਰਿੰਦਰ ਕੰਬੋਜ ਜਲਾਲਾਬਾਦ ਤੋਂ ਵਿਧਾਇਕ ਦਾ ਪਿਤਾ ਹੈ। ਉਕਤ ਮਾਮਲੇ ‘ਚ ਮਾਮਲਾ ਦਰਜ ਕਰ ਕੇ ਸੁਰਿੰਦਰ ਕੰਬੋਜ ਅਤੇ ਔਰਤ ਦੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ’ਤੇ ਗੋਲਡੀ ਕੰਬੋਜ ਦਾ ਕਹਿਣਾ ਹੈ ਕਿ ਮੈਨੂੰ ਵੀ ਪੁਲਿਸ ਤੋਂ ਹੀ ਪਤਾ ਲੱਗਾ ਹੈ। ਜਦੋਂ ਪੁਲਿਸ ਨੇ ਮੈਨੂੰ ਪੁੱਛਿਆ ਤਾਂ ਮੈਂ ਕਿਹਾ ਬਣਦੀ ਕਾਰਵਾਈ ਕਰੋ। ਜੋ ਵੀ ਠੱਗੀ ਮਾਰੇਗਾ ਉਸ ’ਤੇ 100 ਫੀਸਦ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਨਹੀਂ ਰਹਿੰਦੇ ਅਤੇ ਨਾ ਹੀ ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਲੈਣ-ਦੇਣ ਹੈ। ਜੇਕਰ ਉਸ ਨੇ ਕੋਈ ਧੋਖਾਧੜੀ ਕੀਤੀ ਹੈ ਤਾਂ ਉਹ ਕਾਨੂੰਨ ਦੀ ਪ੍ਰਕਿਰਿਆ ਵਿਚ ਕੋਈ ਰੁਕਾਵਟ ਨਹੀਂ ਪੈਦਾ ਕਰੇਗਾ। ‘ਆਪ’ ਦੀ ਨੀਤੀ ਜ਼ੀਰੋ ਟਾਲਰੈਂਸ ਦੀ ਹੈ ਅਤੇ ਉਹ ਵੀ ਪਾਰਟੀ ਦੀ ਨੀਤੀ ਦੇ ਨਾਲ ਹਨ।