ਲੁਧਿਆਣਾ ਦੇ ਨਵੇਂ ਡੀ.ਸੀ ਜਤਿੰਦਰ ਜੋਰਵਾਲ ਵੱਲੋਂ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ, ਅਨੇਕਾਂ ਵਿਭਾਗਾਂ ਦੀ ਕੀਤੀ ਜਾਂਚ

ਲੁਧਿਆਣਾ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸਵੇਰੇ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ। ਉਹਨਾਂ ਨੇ ਮੈਡੀਕਲ ਸੇਵਾਵਾਂ, ਚੱਲ ਰਹੇ ਨਿਰਮਾਣ ਕਾਰਜਾਂ ਤੇ ਫਾਰਮੇਸੀ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਦਵਾਈਆਂ ਦੀ ਜਾਂਚ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਓਪੀਡੀ ਸੇਵਾਵਾਂ, ਮਦਰ ਐਂਡ ਚਾਈਲਡ ਹਸਪਤਾਲ, ਸਰਕਾਰੀ ਫਾਰਮੈਸੀ, ਸਫਾਈ ਤੇ ਸੁਧਾਰ ਲਈ ਸੁਝਾਅ ਇਕੱਠੇ ਕਰਨ ਲਈ ਡਾਕਟਰਾਂ, ਸਟਾਫ਼ ਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਡਾਕਟਰਾਂ ਅਤੇ ਹੋਰਾਂ ਨਾਲ ਮੀਟਿੰਗ ਦੌਰਾਨ ਸ੍ਰੀ ਜਤਿੰਦਰ ਜੋਰਵਾਲ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚਾ, ਮਿਆਰੀ ਸਿਹਤ ਸੇਵਾਵਾਂ ਅਤੇ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਾਉਣ ਦੇ ਸਮਰਪਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਥਾਨਕ ਸਿਵਲ ਹਸਪਤਾਲ ਵਿਖੇ ਜੱਚਾ ਤੇ ਬੱਚਾ ਕੇਂਦਰ ਦੇ ਵਿਸਥਾਰ ਅਤੇ ਹੋਰ ਵਿਕਾਸ ਕਾਰਜਾਂ ਲਈ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ। ਉਨ੍ਹਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀਐਚਐਸਸੀ) ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਕੰਮ ਦੀ ਸਮਾਂ-ਸੀਮਾ ‘ਤੇ ਵਿਸਥਾਰਤ ਰਿਪੋਰਟ ਦੇਣ ਤਾਂ ਜੋ ਪ੍ਰੋਜੈਕਟ ਦੀ ਗਤੀ ‘ਤੇ ਨੇੜਿਓਂ ਨਿਗਰਾਨੀ ਰੱਖੀ ਜਾ ਸਕੇ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਾਰੇ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਉਡੀਕ ਖੇਤਰਾਂ ਵਿੱਚ ਬੈਠਣ ਦੇ ਢੁਕਵੇਂ ਪ੍ਰਬੰਧਾਂ ਲਈ ਇੱਕ ਵਿਆਪਕ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਡਾਕਟਰਾਂ ਅਤੇ ਹੋਰ ਸਟਾਫ਼ ਦੀ ਸੁਰੱਖਿਆ ਲਈ ਏਸੀਪੀ, ਸਥਾਨਕ ਐਸਐਚਓ ਦੇ ਮੋਬਾਈਲ ਨੰਬਰ ਤੇ ਹੈਲਪਲਾਈਨ ਨੰਬਰ ਦਿਖਾਉਣ ਵਾਲੇ ਬੋਰਡ ਲਗਾਉਣ ਤੋਂ ਇਲਾਵਾ ਹੋਰ ਸੀਸੀਟੀਵੀ ਲਗਾਉਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।

Leave a Reply

Your email address will not be published. Required fields are marked *