ਡੇਰਾਬੱਸੀ: ਅੰਬਾਲਾ ਤੋਂ ਚੰਡੀਗੜ੍ਹ ਜਾਣ ਵਾਲੇ ਲੋਕਾਂ ਲਈ ਖ਼ੁਸ਼ਖਬਰੀ ਹੈ ਕਿਉਂਕਿ ਵਧਦੇ ਟ੍ਰੈਫਿਕ ਦੇ ਦਬਾਅ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਕ ਹੋਰ ਹਾਈਵੇਅ ਦਾ ਤੋਹਫ਼ਾ ਦਿੱਤਾ ਹੈ। ਹੁਣ ਇਕ ਹੋਰ ਅੰਬਾਲਾ-ਚੰਡੀਗੜ੍ਹ ਐਕਸਪ੍ਰੈੱਸ ਵੇਅ ਪਹਿਲਾਂ ਤੋਂ ਚੱਲ ਰਹੇ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ਦੀ ਤਰਜ਼ ’ਤੇ ਬਣਾਇਆ ਜਾਵੇਗਾ। ਇਸ ਦੇ ਨਿਰਮਾਣ ’ਤੇ ਕਰੀਬ 9 ਅਰਬ 41 ਕਰੋੜ 58 ਲੱਖ ਰੁਪਏ ਖਰਚ ਕੀਤੇ ਜਾਣਗੇ। ਹਾਲਾਂਕਿ ਇਸ ਦੀ ਅਨੁਮਾਨਿਤ ਲਾਗਤ 5 ਅਰਬ 08 ਕਰੋੜ ਦੇ ਕਰੀਬ ਦੱਸੀ ਜਾ ਰਹੀ ਸੀ ਪਰ ਹੁਣ ਇਸ ਦੀ ਉਸਾਰੀ ਦਾ ਵਰਕ ਆਰਡਰ ਬੀਆਰਸੀ ਕੰਸਟ੍ਰਕਸ਼ਨ ਨੂੰ 9 ਕਰੋੜ 41 ਲੱਖ 58 ਲੱਖ ਰੁਪਏ ਦਾ ਜਾਰੀ ਕਰ ਦਿੱਤਾ ਗਿਆ ਹੈ। ਇਹ ਨਵਾਂ ਐਕਸਪ੍ਰੈੱਸ ਵੇਅ ਦੇਵੀਨਗਰ ਤੋਂ ਸ਼ੁਰੂ ਹੋਵੇਗਾ ਜੋ ਅੰਬਾਲਾ-ਲਾਲੜੂ ਤੋਂ ਲੰਘੇਗਾ ਜਿਸ ਦੀ ਲੰਬਾਈ ਕਰੀਬ 31 ਕਿਲੋਮੀਟਰ ਹੋਵੇਗੀ। ਹਾਲਾਂਕਿ ਅਜੇ ਤੱਕ ਕੰਪਨੀ ਨੂੰ ਵਰਕ ਆਰਡਰ ਜਾਰੀ ਨਹੀਂ ਕੀਤਾ ਗਿਆ ਪਰ ਵਰਕ ਆਰਡਰ ਜਾਰੀ ਕਰਨ ਤੋਂ ਪਹਿਲਾਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਹਾਈਵੇ ਨੂੰ 2025 ਤੱਕ ਲੋਕਾਂ ਦੇ ਹਵਾਲੇ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਕੰਮ ਵਰਕ ਆਰਡਰ ਜਾਰੀ ਹੋਣ ਦੇ ਦੋ ਸਾਲਾਂ ’ਚ ਮੁਕੰਮਲ ਕਰ ਲਿਆ ਜਾਵੇਗਾ।
ਅਜਿਹਾ ਹੋਵੇਗਾ ਨਵੇਂ ਅੰਬਾਲਾ-ਚੰਡੀਗੜ੍ਹ ਐਕਸਪ੍ਰੈੱਸ ਵੇਅ ਦਾ ਸਰੂਪ
ਇਸ ਨਵੇਂ ਐਕਸਪ੍ਰੱੈਸ ਵੇਅ ਦਾ ਨਿਰਮਾਣ ਅੰਬਾਲਾ ਸੱਦੋਪੁਰ ਨੇੜਿਓਂ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਦਾ ਇਕ ਸਿਰਾ ਦੇਵੀਨਗਰ ਵੱਲ ਅਤੇ ਦੂਜਾ ਸਿਰਾ ਪੰਜਾਬ ਦੇ ਜ਼ੀਰਕਪੁਰ ਵੱਲ ਕੱਢਿਆ ਜਾਵੇਗਾ। ਇਸ ਨੂੰ ਪਹਿਲਾਂ ਤੋਂ ਚੱਲ ਰਹੇ ਨੈਸ਼ਨਲ ਹਾਈਵੇ ਤੋਂ ਕਰੀਬ ਇਕ ਮੀਟਰ ਉੱਚਾ ਕਰ ਕੇ ਬਣਾਇਆ ਜਾਵੇਗਾ। ਦੱਸ ਦੇਈਏ ਕਿ ਅੰਬਾਲਾ-ਚੰਡੀਗੜ੍ਹ ਨਵੇਂ ਐਕਸਪ੍ਰੈੱਸ ਵੇਅ ਅਤੇ ਨਾਰਨੌਲ ਇਸਮਾਈਲਾਬਾਦ ਹਾਈਵੇ ਕਾਰਨ ਅੰਬਾਲਾ ਸ਼ਹਿਰ ਤੋਂ ਹਿਸਾਰ ਹਾਈਵੇ ਤੱਕ ਕਰੀਬ 42.5 ਕਿਲੋਮੀਟਰ ਦੇ ਖੇਤਰ ਵਿਚ ਪੈਂਦੇ 16 ਪਿੰਡਾਂ ’ਚ ਅੰਡਰਪਾਸ ਬਣਾਉਣਾ ਜ਼ਰੂਰੀ ਸੀ। ਇਨ੍ਹਾਂ ਅੰਡਰਪਾਸਾਂ ਦਾ ਕੰਮ ਵੀ ਇੱਕ ਮਹੀਨੇ ’ਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਲਈ 283 ਕਰੋੜ 65 ਲੱਖ ਰੁਪਏ ਦਾ ਟੈਂਡਰ ਸਾਂਝੇ ਤੌਰ ’ਤੇ ਅਮਰ ਇਨਫਰਾਸਟਰੱਕਚਰ ਅਤੇ ਪੀਐੱਸ ਕੰਸਟ੍ਰਕਸ਼ਨ ਨੂੰ ਦਿੱਤਾ ਗਿਆ ਹੈ।
ਸੜਕ ਹਾਦਸਿਆਂ ’ਚ ਕਮੀ ਦੇ ਨਾਲ-ਨਾਲ ਚੰਡੀਗੜ੍ਹ ਤੋਂ ਹਿਸਾਰ ਤੱਕ ਸਫ਼ਰ ਕਰਨ ਦਾ ਘਟੇਗਾ ਸਮਾਂ
ਦਰਅਸਲ ਅੰਬਾਲਾ ਹਿਸਾਰ ਨਵਾਂ ਐਕਸਪ੍ਰੱੈਸ ਵੇਅ ਅੰਬਾਲਾ ਸ਼ਹਿਰ ਦੇ ਸੱਦੋਪੁਰ ਨੇੜੇ ਬਣਾਇਆ ਗਿਆ ਹੈ। ਫ਼ਿਲਹਾਲ ਇੱਥੋਂ ਆਉਣ-ਜਾਣ ਵਾਲੇ ਵਾਹਨਾਂ ਨੂੰ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨੰਬਰ 22 ’ਤੇ ਚੱਕਰ ਲਗਾਉਣਾ ਪੈਂਦਾ ਹੈ ਪਰ ਹੁਣ ਨਵੇਂ ਐਕਸਪ੍ਰੈੱਸ ਵੇਅ ਦੇ ਬਣਨ ਨਾਲ ਇਨ੍ਹਾਂ ਲੋਕਾਂ ਨੂੰ ਪੁਰਾਣੇ ਹਾਈਵੇ ’ਤੇ ਜਾਣ ਦੀ ਲੋੜ ਨਹੀਂ ਪਵੇਗੀ। ਨਵੇਂ ਹਾਈਵੇ ਦੇ ਬਣਨ ਨਾਲ ਪਹਿਲਾਂ ਤੋਂ ਚੱਲ ਰਹੇ ਨੈਸ਼ਨਲ ਹਾਈਵੇ 22 ’ਤੇ ਟ੍ਰੈਫਿਕ ਦਾ ਦਬਾਅ ਵੀ ਘਟੇਗਾ ਅਤੇ ਨਾਲ ਹੀ ਚੰਡੀਗੜ੍ਹ ਪਹੁੰਚਣ ਦਾ ਸਮਾਂ ਵੀ ਘੱਟ ਜਾਵੇਗਾ। ਆਵਾਜਾਈ ਘੱਟ ਹੋਣ ਕਾਰਨ ਸੜਕ ਹਾਦਸਿਆਂ ’ਚ ਕਮੀ ਆਵੇਗੀ। ਇਸ ਹਾਈਵੇ ਦੇ ਬਣਨ ਤੋਂ ਬਾਅਦ ਨਾ ਸਿਰਫ਼ ਅੰਬਾਲਾ ਤੋਂ ਚੰਡੀਗੜ੍ਹ ਸਗੋਂ ਚੰਡੀਗੜ੍ਹ ਤੋਂ ਹਿਸਾਰ ਜਾਣ ਵਾਲੇ ਲੋਕਾਂ ਦੇ ਸਫ਼ਰ ਦਾ ਸਮਾਂ ਵੀ ਘੱਟ ਜਾਵੇਗਾ।
ਅੰਬਾਲਾ ਦੇ ਇਨ੍ਹਾਂ ਚਾਰ ਪਿੰਡਾਂ ਦੀ ਜ਼ਮੀਨ ਕੀਤੀ ਗਈ ਐਕੁਵਾਇਰ
ਇਸ ਨਵੇਂ ਐਕਸਪ੍ਰੈੱਸ ਵੇਅ ਲਈ ਕੁੱਲ 19 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ। ਇਸ ’ਚ ਅੰਬਾਲਾ ਦੇ ਚਾਰ ਪਿੰਡ ਸ਼ਾਮਲ ਹਨ। ਇਨ੍ਹਾਂ ’ਚ ਪੱਟੀ ਜੱਟਾਂ, ਦੇਵੀਨਗਰ, ਜੁਡਿਆਣਾ ਅਤੇ ਮਾਣਕਪੁਰ ਸ਼ਾਮਲ ਹਨ ਅਤੇ ਬਾਕੀ 15 ਪਿੰਡ ਪੰਜਾਬ ਦੇ ਹਨ। ਇਨ੍ਹਾਂ ਵਿਚੋਂ ਇਕ ਪਿੰਡ ਪੰਜਾਬ ਦੇ ਰਾਜਪੁਰਾ ਦਾ ਹੈ। ਹਾਲਾਂਕਿ ਐਕਵਾਇਰ ਕੀਤੇ ਪਿੰਡ ਦੇ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਿਸ ਦੀ ਪ੍ਰਕਿਰਿਆ ਚੱਲ ਰਹੀ ਹੈ।
ਪਹਿਲਾਂ 2009 ’ਚ ਚਾਰ ਮਾਰਗੀ ਐਕਸਪ੍ਰੈੱਸ ਵੇਅ ਦਾ ਹੋਇਆ ਸੀ ਨਿਰਮਾਣ
ਅੰਬਾਲਾ-ਚੰਡੀਗੜ੍ਹ ਐਕਸਪ੍ਰੈੱਸ ਵੇਅ ਚਾਰ ਮਾਰਗੀ 35 ਕਿਲੋਮੀਟਰ ਲੰਬਾ ਹੈ। ਇਹ 30 ਮਹੀਨਿਆਂ ’ਚ 343 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। ਇਹ ਐਕਸਪ੍ਰੈੱਸ ਵੇਅ ਦਸੰਬਰ 2009 ਤੋਂ ਚਾਲੂ ਹੈ। ਇਸ ਦਾ ਨਿਰਮਾਣ ਗ੍ਰਾਧੀ ਮੱਲਿਕਾਰਜੁਨ ਰਾਓ ਵੱਲੋਂ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਕੀਤਾ ਗਿਆ ਸੀ।
941.58 ਕਰੋੜ ’ਚ ਟੈਂਡਰ ਵੀਆਰਐੱਸ ਕੰਪਨੀ ਨੂੰ ਅਲਾਟ ਕੀਤਾ ਗਿਆ ਹੈ। 19 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ। ਇਸ ਵਿਚ 4 ਪਿੰਡ ਅੰਬਾਲਾ ਅਤੇ ਬਾਕੀ 15 ਪਿੰਡ ਪੰਜਾਬ ਦੇ ਹਨ। ਜਲਦੀ ਹੀ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕੰਪਨੀ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਜਾਵੇਗਾ।