ਭੋਪਾਲ : ਮੱਧ ਪ੍ਰਦੇਸ਼ ਦੇ ਭੋਪਾਲ ‘ਚ ਕਈ ਕਾਰੋਬਾਰੀਆਂ ‘ਤੇ ਲੋਕਾਯੁਕਤ ਤੇ ਆਮਦਨ ਕਰ ਵਿਭਾਗ ਛਾਪੇਮਾਰੀ ਕਰ ਰਿਹਾ ਹੈ। ਇਸੇ ਦੌਰਾਨ ਭੋਪਾਲ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮੇਂਡੋਰੀ ਦੇ ਜੰਗਲ ‘ਚ ਖੜ੍ਹੀ ਇਕ ਕਾਰ ‘ਚੋਂ 52 ਕਿਲੋ ਸੋਨਾ ਤੇ 10 ਕਰੋੜ ਰੁਪਏ ਦੀ ਨਕਦੀ ਮਿਲੀ ਹੈ। ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ 30 ਵਾਹਨਾਂ ‘ਚ ਪਹੁੰਚੀ ਆਮਦਨ ਕਰ ਵਿਭਾਗ ਤੇ ਪੁਲਿਸ ਦੀ ਟੀਮ ਨੇ ਗੱਡੀ ਨੂੰ ਫੜ ਲਿਆ।
ਕੌਣ ਹੈ ਸੋਨੇ ਦਾ ਮਾਲਕ ?
ਇਹ ਸੋਨਾ ਕਿਸ ਦਾ ਹੈ, ਇਸ ਬਾਰੇ ਅਜੇ ਤਕ ਕੁਝ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਿਹੜੀ ਕਾਰ ਇਨੋਵਾ ਕ੍ਰਿਸਟਾ ‘ਚ ਸੋਨਾ ਮਿਲਿਆ ਹੈ, ਉਹ ਗਵਾਲੀਅਰ ਦੀ ਹੈ, ਜੋ ਚੰਦਨ ਗੌੜ ਦੇ ਨਾਂ ‘ਤੇ ਰਜਿਸਟਰਡ ਹੈ। ਚੰਦਨ ਗੌੜ ਦਾ ਸਬੰਧ ਸਾਬਕਾ ਟਰਾਂਸਪੋਰਟ ਕਾਂਸਟੇਬਲ ਸੌਰਭ ਸ਼ਰਮਾ ਨਾਲ ਦੱਸਿਆ ਜਾਂਦਾ ਹੈ। ਲੋਕਾਯੁਕਤ ਪੁਲਿਸ ਨੇ ਬੁੱਧਵਾਰ ਨੂੰ ਸ਼ਰਮਾ ਦੇ ਦਫਤਰ ਤੇ ਰਿਹਾਇਸ਼ ‘ਤੇ ਛਾਪਾ ਮਾਰਿਆ ਸੀ।
ਪੁਲਿਸ ਨੂੰ ਦੋਵਾਂ ਥਾਵਾਂ ਤੋਂ 2 ਕਰੋੜ 85 ਲੱਖ ਦੀ ਨਕਦੀ, 50 ਲੱਖ ਰੁਪਏ ਦੇ ਗਹਿਣੇ ਤੇ 2 ਕਰੋੜ ਰੁਪਏ ਦੀ ਹੋਰ ਜਾਇਦਾਦ ਦੀ ਜਾਣਕਾਰੀ ਮਿਲੀ ਸੀ। ਸੌਰਭ ਸ਼ਰਮਾ ਸਾਬਕਾ ਮੰਤਰੀ ਸਮੇਤ ਕਈ ਅਧਿਕਾਰੀਆਂ ਤੇ ਆਗੂਆਂ ਦੇ ਕਰੀਬੀ ਦੱਸੇ ਜਾਂਦੇ ਹਨ।
ਕਾਰ ‘ਤੇ ਉੱਪਰ ਲੱਗਿਆ ਸੀ ਹੂਟਰ
ਪ੍ਰਾਪਤ ਜਾਣਕਾਰੀ ਅਨੁਸਾਰ ਟੋਇਟਾ ਕਾਰ ‘ਤੇ ਹੂਟਰ ਲੱਗਾ ਹੋਇਆ ਸੀ ਤੇ ਕਾਰ ਦੀ ਨੰਬਰ ਪਲੇਟ ਦੇ ਕੋਲ ਪੁਲਿਸ ਦਾ ਨਿਸ਼ਾਨ ਸੀ। ਇਸ ਕਾਰਨ ਡਰ ਹੈ ਕਿ ਇਸ ਗੱਡੀ ਨੂੰ ਕੋਈ ਨਾ ਰੋਕ ਲਵੇ, ਇਸ ਲਈ ਇਸ ‘ਤੇ ਇਹ ਸਾਰੀਆਂ ਚੀਜ਼ਾਂ ਲਗਾਈਆਂ ਗਈਆਂ ਹਨ।