ਕੋਲਕਾਤਾ : ਕੋਲਕਾਤਾ ਦੀ ਟ੍ਰੇਨੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ’ਚ ਸੀਬੀਆਈ(CBI) ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾ. ਸੰਦੀਪ ਘੋਸ਼ ਦਾ ਵੀ ਪਾਲੀਗ੍ਰਾਫ ਟੈਸਟ ਕਰਨਾ ਚਾਹੁੰਦੀ ਹੈ। ਸੀਬੀਆਈ ਦਾ ਕਹਿਣਾ ਹੈ ਕਿ ਡਾ. ਘੋਸ਼ ਗਲਤ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਦੇ ਬਿਆਨ ’ਚ ਤਮਾਮ ਖਾਮੀਆਂ ਹਨ, ਇਸ ਲਈ ਪਾਲੀਗ੍ਰਾਫ ਟੈਸਟ ਜ਼ਰੂਰੀ ਹੈ। ਉਹ ਇਸਦੇ ਲਈ ਅਦਾਲਤ ’ਚ ਅਰਜ਼ੀ ਦੇ ਸਕਦੀ ਹੈ। ਪਾਲੀਗ੍ਰਾਫ(Polygraph test) ਉਹ ਮਸ਼ੀਨ ਹੈ, ਜਿਸ ਨਾਲ ਝੂਠ ਫੜਿਆ ਜਾਂਦਾ ਹੈ। ਦੱਸ ਦੇਈਏ ਕਿ ਕੇਂਦਰੀ ਜਾਂਚ ਏਜੰਸੀ ਨੂੰ ਪਹਿਲਾਂ ਤੋਂ ਗ੍ਰਿਫਤਾਰ ਸਿਵਿਕ ਵਲੰਟੀਅਰ ਦਾ ਪਾਲੀਗ੍ਰਾਫ ਟੈਸਟ ਕਰਾਉਣ ਲਈ ਸਿਆਲਦਹਿ ਅਦਾਲਤ ਤੋਂ ਇਜਾਜ਼ਤ ਮਿਲ ਗਈ ਹੈ। ਉਥੇ ਹੀ, ਮੰਗਲਵਾਰ ਨੂੰ ਵੀ ਕੇਂਦਰੀ ਏਜੰਸੀ ਨੇ ਡਾ. ਘੋਸ਼ ਤੋਂ ਪੁੱਛਗਿੱਛ ਕੀਤੀ। ਚਾਰ ਦਿਨਾਂ ’ਚ ਉਨ੍ਹਾਂ ਤੋਂ ਕਰੀਬ 50 ਘੰਟੇ ਪੁੱਛਗਿੱਛ ਕੀਤੀ ਗਈ ਹੈ। ਉਧਰ, ਪੀੜਤਾ ਦਾ ਨਾਂ ਉਜਾਗਰ ਕਰਨ ਦੇ ਦੋਸ਼ ’ਚ ਡਾ. ਸੰਦੀਪ ਘੋਸ਼ ਦੇ ਖਿਲਾਫ ਪੁਲਿਸ ਨੂੰ ਵੀ ਮਾਮਲਾ ਦਰਜ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਸੰਦੀਪ ਨੂੰ ਘਟਨਾ ਦੇ ਸਬੰਧ ’ਚ ਅਗਸਤ ਦੀ ਸਵੇਰ ਕਰੀਬ 10.15 ਵਜੇ ਹਸਪਤਾਲ ਦੇ ਇਕ ਡਾਕਟਰ ਤੋਂ ਪਤਾ ਲੱਗਾ। ਲਗਪਗ ਪੰਜ ਘੰਟੇ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਉਸਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ। ਦੋਸ਼ ਹੈ ਕਿ ਇਸ ਤੋਂ ਬਾਅਦ ਡਾ. ਘੋਸ਼ ਨੇ ਜਨਤਕ ਤੌਰ ’ਤੇ ਪੀੜਤਾ ਦਾ ਨਾਂ ਲਿਆ। ਜਾਂਚਕਰਤਾਵਾਂ ਦਾ ਇਹ ਵੀ ਦਾਅਵਾ ਹੈ ਕਿ ਉਸ ਰਾਤ ਡਿਊਟੀ ’ਤੇ ਮੌਜੂਦ ਸੀਨੀਅਰ ਤੇ ਜੂਨੀਅਰ ਡਾਕਟਰਾਂ, ਨਰਸਾਂ ਤੇ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਵੀ ਕੁਝ ਸ਼ੱਕੀ ਜਾਣਕਾਰੀ ਸਾਹਮਣੇ ਆ ਰਹੀ ਹੈ। ਜਾਂਚਕਰਤਾਵਾਂ ਨੂੰ ਲੱਗਦਾ ਹੈ ਕਿ ਜੂਨੀਅਰ ਤੇ ਸੀਨੀਅਰ ਡਾਕਟਰਾਂ ਨਾਲ ਹੋਰ ਅਧਿਕਾਰਤ ਨਰਸਾਂ ਤੇ ਸੁਰੱਖਿਆ ਗਾਰਡਾਂ ਦੇ ਮੋਬਾਈਲ ਫੋਨ ਰਿਕਾਰਡ ਇਕੱਤਰ ਕਰਨਾ ਵੀ ਅਹਿਮ ਹੈ।
ਸਾਬਕਾ ਡਿਪਟੀ ਸੁਪਰਡੈਂਟ ਦਾ ਦੋਸ਼, ਘੋਸ਼ ਨੇ ਕਈ ਵਿਦਿਆਰਥੀਆਂ ਨੂੰ ਪਹੁੰਚਾਇਆ ਨੁਕਸਾਨ
ਆਰਜੀ ਕਰ ਮੈਡੀਕਲ ਕਾਲਜ ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਅਖਤਰ ਅਲੀ ਨੇ ਕਿਹਾ ਕਿ ਸੰਦੀਪ ਘੋਸ਼ ਨੇ ਕਈ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾਇਆ ਹੈ। ਉਹ ਵਿਦਿਆਰਥੀਆਂ ਨੂੰ ਫੇਲ੍ਹ ਕਰਵਾਉਂਦੇ ਸਨ। ਵਾਰੰਟ ਜਾਰੀ ਕੀਤਾ ਜਾਂਦਾ ਸੀ। ਉਹ ਪਾਸ ਕਰਾਉਣ ਦੇ ਲਈ ਵਿਦਿਆਰਥੀਆਂ ਤੋਂ ਪੈਸੇ ਲੈਂਦੇ ਸਨ। ਉਦੋਂ ਉਨ੍ਹਾਂ ਇਸਦੀ ਜਾਣਕਾਰੀ ਅਧਿਕਾਰੀਆਂ ਨੂੰ ਵੀ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ•।
ਸੰਜੇ ਰਾਏ(Sanjay Roy) ’ਤੇ ਪਹਿਲਾਂ ਵੀ ਲੱਗ ਚੁੱਕੇ ਹਨ ਛੇੜਛਾੜ ਦੇ ਦੋਸ਼
ਇਸ ਮਾਮਲੇ ’ਚ ਗ੍ਰਿਫਤਾਰ ਸਿਵਿਕ ਵਲੰਟੀਅਰ ਸੰਜੇ ਰਾਏ ’ਤੇ ਪਹਿਲਾਂ ਵੀ ਮਹਿਲਾ ਡਾਕਟਰਾਂ ਤੇ ਮੈਡੀਕਲ ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼ ਲੱਗ ਚੁੱਕੇ ਹਨ। ਸੀਬੀਆਈ(CBI) ਦੀ ਜਾਂਚ ’ਚ ਇਹ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਤਿੰਨ ਮਹੀਨੇ ਪਹਿਲਾਂ ਸੰਜੇ ਨੇ ਸ਼ਰਾਬ ਦੇ ਨਸ਼ੇ ’ਚ ਇਕ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਸੀ। ਕੁਝ ਡਾਕਟਰਾਂ ਨੇ ਇਸਦੀ ਤੁਰੰਤ ਪ੍ਰਿੰਸੀਪਲ ਡਾ. ਸੰਦੀਪ ਘੋਸ਼ ਨੂੰ ਸ਼ਿਕਾਇਤ ਕੀਤੀ ਸੀ। ਥਾਣੇ ’ਚ ਵੀ ਰਿਪੋਰਟ ਦਰਜ ਕਰਾਈ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਸਿਵਿਕ ਵਲੰਟੀਅਰ ਹੋਣ ਦੇ ਬਾਵਜੂਦ ਖੁਦ ਨੂੰ ਸੰਜੇ ਪ੍ਰਭਾਵਸ਼ਾਲੀ ਦੱਸਦਾ ਸੀ। ਜਾਂਚ ਏਜੰਸੀ ਪਤਾ ਕਰ ਰਹੀ ਹੈ ਕਿ ਉਸਜੇ ਸਿਰ ’ਤੇ ਕਿਸਦਾ ਹੱਥ ਸੀ। ਘਟਨਾ ਵਾਲੀ ਸ਼ਾਮ ਵੀ ਸੰਜੇ ਨੇ ਚੇਤਲਾ ਇਲਾਕੇ ’ਚ ਇਕ ਮਹਿਲਾ ਨਾਲ ਛੇੜਛਾੜ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਸੰਜੇ ਰਾਤ ਦੇ ਸਮੇਂ ਅਕਸਰ ਸ਼ਰਾਬ ਪੀ ਕੇ ਕੰਪਲੈਕਸ ’ਚ ਘੁੰਮਦਾ ਸੀ।