ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਸੈਸ਼ਨ ਦਾ ਚੌਥਾ ਦਿਨ ਹੈ। ਦੋਵਾਂ ਸਦਨਾਂ ‘ਚ ਬਜਟ ‘ਤੇ ਬਹਿਸ ਸ਼ੁਰੂ ਹੋ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਨੇ ਕਿਹਾ- ਪੰਜਾਬ ਵਿੱਚ ਸਿੱਧੂ ਮੂਸੇਵਾਲਾ ਵਰਗੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ। ਕਿਸਾਨਾਂ ਨੂੰ ਗਰਮਖਿਆਲੀ ਦੱਸਿਆ ਜਾ ਰਿਹਾ ਹੈ। ਮਨੀਪੁਰ ਹਿੰਸਾ, ਹਾਥਰਸ ਰੇਪ ਕੇਸ, ਪਹਿਲਵਾਨਾਂ ਵਿਰੁੱਧ ਹਿੰਸਾ ਇਹ ਸਭ ਐਮਰਜੈਂਸੀ ਹੀ ਹੈ।
ਇਸ ਤੋਂ ਪਹਿਲਾਂ ਲੋਕ ਸਭਾ ‘ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ- ਬਜਟ ਸੈਸ਼ਨ ‘ਚ ਸਿਰਫ ਬਜਟ ‘ਤੇ ਹੀ ਚਰਚਾ ਹੋਣੀ ਚਾਹੀਦੀ ਹੈ। ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਤਵਾ ਦਿੱਤਾ ਹੈ, ਤੁਸੀਂ ਇਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਬਿਲਕੁਲ ਵੀ ਸਹੀ ਨਹੀਂ ਹੈ।
ਰਿਜਿਜੂ ਨੇ ਜਿਵੇਂ ਹੀ ਇਹ ਕਿਹਾ, ਵਿਰੋਧੀ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਸਪੀਕਰ ਓਮ ਬਿਰਲਾ ਨੇ ਸਾਰੇ ਸੰਸਦ ਮੈਂਬਰਾਂ ਨੂੰ ਮਰਿਆਦਾ ਬਣਾਈ ਰੱਖਣ ਦੀ ਅਪੀਲ ਕੀਤੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬਜਟ ‘ਤੇ ਚਰਚਾ ਦੌਰਾਨ ਕਿਹਾ- ਸਦਨ ‘ਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕਿੱਥੇ ਹਨ? ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਬਜਟ ਵਿੱਚ ਸਾਨੂੰ ਕੀ ਦਿੱਤਾ ਹੈ।
ਸਰਕਾਰ ਹਰ ਰੋਜ਼ ਐਮਰਜੈਂਸੀ ਦੀ ਗੱਲ ਕਰਦੀ ਹੈ। ਪਰ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਵਰਗੇ ਨੌਜਵਾਨ ਮਾਰੇ ਜਾ ਰਹੇ ਹਨ, ਇਹ ਵੀ ਐਮਰਜੈਂਸੀ ਹੈ। ਕਿਸਾਨਾਂ ਨੂੰ ਗਰਮਖਿਆਲੀ ਕਿਹਾ ਜਾ ਰਿਹਾ ਹੈ, ਇਹ ਵੀ ਐਮਰਜੈਂਸੀ ਹੈ। ਮਨੀਪੁਰ ਹਿੰਸਾ, ਹਾਥਰਸ ਰੇਪ ਕੇਸ, ਪਹਿਲਵਾਨਾਂ ਵਿਰੁੱਧ ਹਿੰਸਾ ਇਹ ਸਭ ਸੰਕਟਕਾਲੀਨ ਹਨ।
ਰਾਜਾ ਵੜਿੰਗ ਨੇ ਚੁੱਕਿਆ ਨਸ਼ਿਆਂ ਦਾ ਮੁੱਦਾ
ਸੰਸਦ ਵਿਚ ਕਾਂਗਰਸੀ ਸੰਸਦ ਮੈਂਬਰ ਰਾਜਾ ਵੜਿੰਗ ਨੇ ਸੰਸਦ ਵਿਚ ਨਸ਼ੇ ਦਾ ਮੁੱਦਾ ਚੁੱਕਦਿਆ ਕਿਹਾ ਕਿ ਸੰਸਦ ‘ਚ ਨਸ਼ੇ ਦੇ ਮਸਲੇ ‘ਤੇ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਵਿਚ ਘਰ-ਘਰ BSF ਪਹੁੰਚ ਰਹੀ ਹੈ ਪਰ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਸੰਸਦ ਵਿਚ ਰਾਘਵ ਚੱਢਾ ਨੇ ਘੇਰੀ ਕੇਂਦਰ ਸਰਕਾਰ
‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ‘ਚ ਕਿਹਾ ਕਿ ਸਰਕਾਰ ਦੇ ਟੈਕਸ ਇੰਗਲੈਂਡ ਵਾਂਗ ਬਹੁਤ ਜ਼ਿਆਦਾ ਹਨ, ਪਰ ਸਹੂਲਤਾਂ ਸੋਮਾਲੀਆ ਜਿੰਨੀਆਂ ਹੀ ਮਾੜੀਆਂ ਹਨ। ਚੋਣਾਂ ਵਿੱਚ ਭਾਜਪਾ ਦੀ ਦੁਰਦਸ਼ਾ ਦੇ ਤਿੰਨ ਕਾਰਨ ਹਨ- ਆਰਥਿਕਤਾ, ਆਰਥਿਕਤਾ ਅਤੇ ਆਰਥਿਕਤਾ।