ਤੁਰਕੀ : ਦੱਖਣੀ ਤੁਰਕੀ ਦੇ ਸੈਰ-ਸਪਾਟਾ ਕੇਂਦਰ ਅੰਤਾਲਿਆ ਸੂਬੇ ਵਿਚ ਐਤਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਇਕ ਤੇਜ਼ ਰਫ਼ਤਾਰ ਬੱਸ ਸੜਕ ਤੋਂ ਫਿਸਲ ਕੇ ਪਲਟ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਸੂਬਾਈ ਗਵਰਨਰ ਹੁਲੁਸੀ ਸਾਹਿਨ ਨੇ ਦਸਿਆ ਕਿ ਇਹ ਹਾਦਸਾ ਅੰਤਾਲਿਆ ਸ਼ਹਿਰ ਦੇ ਉੱਤਰ-ਪੱਛਮ ਵਿਚ ਪੈਂਦੇ ਡੋਸੇਮੀਲਟੀ ਜ਼ਿਲ੍ਹੇ ਵਿਚ ਵਾਪਰਿਆ।
ਹਾਦਸੇ ਦੇ ਸਮੇਂ ਇਲਾਕੇ ਵਿਚ ਭਾਰੀ ਮੀਂਹ ਕਾਰਨ ਸੜਕ ਗਿੱਲੀ ਸੀ ਅਤੇ ਕਾਫੀ ਧੁੰਦ ਵੀ ਪੈ ਰਹੀ ਸੀ। ਗਵਰਨਰ ਮੁਤਾਬਕ ਭਾਵੇਂ ਹਾਲਾਤ ਖ਼ਰਾਬ ਸਨ ਪਰ ਲੱਗਦਾ ਹੈ ਕਿ ਬੱਸ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਇਹ ਸੰਤੁਲਨ ਗੁਆ ਕੇ ਹਾਈਵੇਅ ਦੇ ਕਿਨਾਰੇ ਪਲਟ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਬੱਸ ਤੁਰਕੀ ਦੇ ਉੱਤਰ-ਪੱਛਮੀ ਹਿੱਸੇ ਟੇਕਿਰਦਾਗ ਤੋਂ ਰਾਤ ਭਰ ਦਾ ਸਫ਼ਰ ਤੈਅ ਕਰ ਕੇ ਆ ਰਹੀ ਸੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਸਵਾਰੀਆਂ ਬੱਸ ਵਿਚੋਂ ਬਾਹਰ ਜਾ ਡਿੱਗੀਆਂ। ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ ਅਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।






