ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰੂਪੋਸ਼ ਅੰਮ੍ਰਿਤਪਾਲ ਸਿੰਘ ਦੀ ਸਰਬੱਤ ਖ਼ਾਲਸਾ ਬੁਲਾਉਣ ਦੀ ਅਪੀਲ ਖ਼ਾਰਜ ਕਰਨ ਦੇ ਸਾਫ ਸੰਕੇਤ ਦਿੱਤੇ ਹਨ। ਜਥੇਦਾਰ ਨੇ ਅੰਮ੍ਰਿਤਪਾਲ ਦਾ ਨਾਂ ਲਏ ਬਿਨਾਂ ਸਪੱਸ਼ਟ ਕੀਤਾ ਹੈ ਕਿ ਕਿਸੇ ਇਕ ਵਿਅਕਤੀ ਵਿਸ਼ੇਸ਼ ਲਈ ਸਰਬੱਤ ਖ਼ਾਲਸਾ ਬੁਲਾਉਣ ਬਾਰੇ ਵਿਚਾਰ ਨਹੀਂ ਕੀਤਾ ਜਾ ਸਕਦਾ। ਜਥੇਦਾਰ ਅਨੁਸਾਰ ਸਰਬੱਤ ਖ਼ਾਲਸਾ ਸਿੱਖ ਕੌਮ ’ਤੇ ਸੰਕਟ ਦੀ ਸਥਿਤੀ ’ਚ ਹੀ ਬੁਲਾਇਆ ਜਾ ਸਕਦਾ ਹੈ। ਕੌਮ ਨੂੰ ਦਰਪੇਸ਼ ਡੂੰਘੇ ਧਾਰਮਿਕ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਹੀ ਅਜਿਹਾ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ।
ਜਥੇਦਾਰ ਵੱਲੋਂ ਸਰਬੱਤ ਖ਼ਾਲਸਾ ਨਾ ਸੱਦਣ ਦਾ ਸੰਕੇਤ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ (ਵਿਸਾਖੀ) ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ (ਬਠਿੰਡਾ) ਵਿਖੇ ਹੋਣ ਵਾਲੇ ਗੁਰਮਤਿ ਸਮਾਗਮ ਮੌਕੇ ਧਾਰਮਿਕ ਪ੍ਰੋਗਰਾਮਾਂ ਦੇ ਐਲਾਨ ਤੋਂ ਸਾਫ਼ ਮਿਲਦਾ ਹੈ। ਇਨ੍ਹਾਂ ਸਮਾਗਮਾਂ ਦੇ ਇਸ਼ਤਿਹਾਰ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 12 ਤੋਂ 15 ਅਪ੍ਰੈਲ ਤੱਕ ਵਿਸਾਖੀ ਮੌਕੇ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ’ਚ ਸੰਗਤਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਹੈ। ਜੇਕਰ ਜਥੇਦਾਰ ਸਾਹਿਬ ਵੱਲੋਂ ਸਰਬੱਤ ਖ਼ਾਲਸਾ ਕਰਵਾਉਣ ਦਾ ਵਿਚਾਰ ਹੁੰਦਾ ਤਾਂ ਇਸ ਦੇ ਵੇਰਵਿਆਂ ਦਾ ਐਲਾਨ ਹੁਣ ਤੱਕ ਹੋ ਜਾਣਾ ਚਾਹੀਦਾ ਸੀ। ਸਰਬੱਤ ਖ਼ਾਲਸਾ ਦੀ ਤਰੀਕ ਜਾਂ ਪ੍ਰੋਗਰਾਮ ਦਾ ਐਲਾਨ ਨਹੀਂ ਹੋਇਆ। ਅੱਜ ਦੇ ਸਮੇਂ ’ਚ ਬਹੁਤ ਸਾਰੇ ਸਿੱਖ ਆਗੂ ਵਿਦੇਸ਼ਾਂ ਵਿਚ ਹਨ, ਜਿਨ੍ਹਾਂ ਦੀ ਸ਼ਮੂਲੀਅਤ ਵੀ ਸਰਬੱਤ ਖ਼ਾਲਸਾ ਇਕੱਠ ਵਿਚ ਜ਼ਰੂਰੀ ਹੈ ਅਤੇ ਦੇਸ਼- ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵੀ ਵੱਡੀ ਗਿਣਤੀ ਵਿਚ ਇਸ ਤਰ੍ਹਾਂ ਦੇ ਪੰਥਕ ਇਕੱਠ ਵਿਚ ਹਾਜ਼ਰੀ ਭਰਨ ਦੀ ਦਿਲਚਸਪੀ ਰੱਖਦੀਆਂ ਹਨ।
ਈਮਾਨ ਸਿੰਘ ਮਾਨ ਵੱਲੋਂ ਵੀਡੀਓ ਜਾਰੀ
ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਜੋ ਕਿ ਪਾਰਟੀ ਦੀਆਂ ਸਰਗਰਮੀਆਂ ਨੂੰ ਅੱਗੇ ਵਧਾ ਰਹੇ ਹਨ, ਉਨ੍ਹਾਂ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ। ਇਸ ਵੀਡੀਓ ਵਿਚ ਖ਼ਾਲਸਾ ਸਾਜਨਾ ਦਿਵਸ ਮੌਕੇ ਜਿੱਥੇ ਸੰਗਤਾਂ ਨੂੰ ਤਖ਼ਤ ਸ੍ਰੀ ਦਮਮਦਾ ਸਾਹਿਬ ਆਉਂਣ ਦੀ ਗੱਲ ਕੀਤੀ ਹੈ,ਉਥੇ ਹੀ ਸੰਗਤਾਂ ਨੂੰ ਚੜ੍ਹਦੀ ਕਲਾਂ ਪਿੰਡ ਵਿਚ ਕੀਤੇ ਜਾਣ ਵਾਲੇ ਇਕੱਠ ’ਚ ਪੰਥਕ ਵਿਚਾਰਾਂ ਲਈ ਇਕੱਠੇ ਹੋਣ ਦੀ ਅਪੀਲ ਵੀ ਕੀਤੀ ਹੈ।