ਚੰਡੀਗੜ੍ਹ : ਕੇਂਦਰ ਸਰਕਾਰ ਨੇ ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤੇ ਹਾਲ ਹੀ ‘ਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਏ ਆਗੂ ਤਰਨਜੀਤ ਸਿੰਘ ਸੰਧੂ ਨੂੰ ‘ਵਾਈ ਪਲੱਸ’ ਸੁਰੱਖਿਆ ਮੁਹੱਈਆ ਕਰਵਾਈ ਹੈ। ਜਾਣਕਾਰੀ ਅਨੁਸਾਰ ਤਰਨਜੀਤ ਨੂੰ ‘ਵਾਈ+ ਐਸਕਾਰਟ’ ਸ਼੍ਰੇਣੀ ਦੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਸੁਰੱਖਿਆ ਕਵਰ ਪ੍ਰਦਾਨ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਅਨੁਸਾਰ ਸੰਧੂ ਨੂੰ ਪੂਰੇ ਦੇਸ਼ ਲਈ ਸੁਰੱਖਿਆ ਕਵਰ ਮੁਹੱਈਆ ਕਰਾਇਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇੰਟੈਲੀਜੈਂਸ ਬਿਊਰੋ ਤੋਂ ਪ੍ਰਾਪਤ ਖ਼ਤਰਾ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ ‘ਤੇ ਸੰਧੂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ।
ਸੰਧੂ ਨੇ ਪਿਛਲੇ ਮਹੀਨੇ ਜੁਆਇਨ ਕੀਤੀ ਸੀ ਭਾਜਪਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਤਹਿਤ ਸਿਆਸਤ ‘ਚ ਕਦਮ ਰੱਖਣ ਵਾਲੇ ਸਾਬਕਾ ਰਾਜਦੂਤਾਂ ਦੇ ਇਕ ਵਿਸ਼ੇਸ਼ ਕਲੱਬ ‘ਚ ਸ਼ਾਮਲ ਹੋ ਕੇ ਸੰਧੂ ਨੇ ਪਿਛਲੇ ਮਹੀਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਉਨ੍ਹਾਂ ਵਾਂਗ ਹੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਐੱਸ ਜੈਸ਼ੰਕਰ ਵੀ ਸਾਬਕਾ ਰਾਜਦੂਤ ਹਨ।
ਸੰਧੂ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਮੈਂਬਰ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ। 1 ਫਰਵਰੀ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਸੰਧੂ 23 ਫਰਵਰੀ ਨੂੰ ਆਪਣੇ ਦਾਦਾ ਜੀ ਦੇ ਜਨਮ ਦਿਨ ਤੋਂ ਬਾਅਦ ਅੰਮ੍ਰਿਤਸਰ ‘ਚ ਸਮਾਜਿਕ ਗਤੀਵਿਧੀਆਂ ‘ਚ ਸਰਗਰਮ ਹੋ ਗਏ ਜਿਸ ਕਾਰਨ ਉਨ੍ਹਾਂ ਦੇ ਸਿਆਸਤ ‘ਚ ਆਉਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ।