ਅੰੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਨਵੀਂ ਬਣੀ ਅੰਤ੍ਰਿੰਗ ਕਮੇਟੀ ਦੀ ਪਹਿਲੀ ਇਕੱਤਰਤਾ ਮੁੱਖ ਦਫਤਰ ਅੰਮ੍ਰਿਤਸਰ ਵਿਖੇ ਹੋਈ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਰੂਟੀਨ ਦੇ ਕੰਮ ਹੋਏ | ਉਥੇ ਹੀ ਇਸ ਇਕੱਤਰਤਾ ਵਿਚ ਵੱਡੇ ਫੈਸਲੇ ਲਏ ਗਏ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਵਾਈ ਅੱਡਿਆ ‘ਤੇ ਸਿੱਖਾਂ ਨੂੰ ਡਿਊਟੀ ਦੋਰਾਨ ਕਿਰਪਾਨ ਪਹਿਨਣ ਤੇ ਸਰਕਾਰ ਦੀ ਰੋਕ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਿਤ ਕੀਤਾ ਗਿਆ ਹੈ ਜੋ ਸਰਕਾਰ ਤੱਕ ਪਹੁੰਚ ਕਰਕੇ ਇਸ ਮਸਲੇ ਨੂੰ ਹੱਲ ਕਰਵਾਏਗੀ। ਉਹਨਾਂ ਕਿਹਾ ਕਿ ਇੱਕ ਵਫਦ ਪਾਕਿਸਤਾਨ ਰਾਜਦੂਤ ਨੂੰ ਵੀ ਮਿਲੇਗਾ ਅਤੇ ਜਥਿਆਂ ਨਾਲ ਜਾਣ ਵਾਲੇ ਯਾਤਰੂਆਂ ਦੇ ਕੱਟੇ ਜਾਂਦੇ ਵੀਜਿਆਂ ਸਬੰਧੀ ਗੱਲਬਾਤ ਕਰੇਗਾ। ਧਾਮੀ ਨੇ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖ ਕਦੇ ਵੀ ਕਿਸੇ ਮੰਦਰ ਜਾਂ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਦਾ ਸਿੱਖ ਸਰਬੱਤ ਦੇ ਭਲੇ ਲਈ ਕਾਰਜ ਕਰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਝੜਪ ਨੂੰ ਮੰਦਰ ਤੇ ਹਮਲਾ ਦੱਸ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐਡਵਰਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਪਾਸੋਂ ਅੰਤਿ੍ੰਗ ਕਮੇਟੀ ਨੇ ਮੰਗ ਕੀਤੀ ਹੈ ਕਿ ਬਣਾਈਆਂ ਜਾ ਰਹੀਆਂ ਵੋਟਾਂ ਨੂੰ ਨਿਯਮਾਂ ਤੇ ਸ਼ਰਤਾਂ ਵਿੱਚ ਰਹਿ ਕੇ ਹੀ ਲਿਸਟਾਂ ਮੁਕੰਮਲ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ 27 ਲੱਖ ਤੋਂ 51 ਲੱਖ ਵੋਟਾਂ ਕੁਝ ਦਿਨਾਂ ਵਿੱਚ ਹੀ ਵੱਧ ਜਾਣੀਆਂ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਤੇ ਵਿਧਾਨ ਸਭਾ ਵੋਟਰਾਂ ਦੀਆਂ ਲਿਸਟਾਂ ਤੋਂ ਹੀ ਸਿੱਖ ਗੁਰਦੁਆਰਾ ਚੋਣ ਸਬੰਧੀ ਵੋਟਾਂ ਤਿਆਰ ਕਰ ਦਿੱਤੀਆਂ ਹੋਣ ਦਾ ਖਦਸ਼ਾ ਹੈ। ਧਾਮੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਾਲ ਚੋਣ ਪ੍ਰਕਿਰਿਆ ‘ਚ ਹੋਰ ਵੀ ਦੇਰੀ ਹੋਵੇਗੀ। ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਦਾਸ਼ਤ ਨਹੀਂ ਕਰੇਗੀ।
ਧਾਮੀ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਉਨ੍ਹਾਂ ਅਤੇ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਮੀਟਿੰਗ ਨੂੰ ਇੱਕ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦਾ ਪ੍ਰਧਾਨ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਥੇਦਾਰ ਜਾਂ ਸਿੰਘ ਸਾਹਿਬਾਨ ਦੇ ਨਾਲ ਧਾਰਮਿਕ ਮੁੱਦਿਆਂ ਅਤੇ ਹੋਰ ਕਈ ਵਿਚਾਰਾਂ ਕਰ ਸਕਦਾ ਹੈ। ਇਸ ਤੇ ਕੋਈ ਰੋਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਧਾਰ ਲਹਿਰ ਵਾਲੇ ਗਿਆਨੀ ਹਰਪ੍ਰੀਤ ਸਿੰਘ ਨਾਲ ਢਾਈ ਢਾਈ ਘੰਟੇ ਮੁਲਾਕਾਤ ਕਰਕੇ ਉਹਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਮਨ ਮਰਜ਼ੀ ਦੀ ਕਾਰਵਾਈ ਕਰਵਾਉਣ ਲਈ ਉਤਾਵਲੇ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਇਹਨਾਂ ਵੱਲੋਂ ਹੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਹੁਣ ਇਹ ਚਾਹੁੰਦੇ ਹਨ ਕਿ ਫੈਸਲਾ ਵੀ ਇਹਨਾਂ ਦੇ ਮੁਤਾਬਕ ਹੋਵੇ, ਨਹੀਂ ਤੇ ਸਿੱਧੇ ਤੌਰ ਤੇ ਕਹਿ ਰਹੇ ਹਨ ਕਿ ਜੇ ਸਾਡੇ ਮੁਤਾਬਕ ਫੈਸਲਾ ਨਾ ਹੋਇਆ ਤਾਂ ਅਸੀਂ ਆਪਣਾ ਰੋਸ ਜਹਿਰ ਕਰਾਂਗੇ। ਉਹਨਾਂ ਕਿਹਾ ਕਿ ਸੁਧਾਰ ਲਹਿਰ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦਾ ਕੋਈ ਫਿਕਰ ਨਹੀਂ ਹੈ ਉਹ ਆਮ ਅਦਾਲਤਾਂ ਵਾਂਗ ਹੀ ਇਸ ਮਾਮਲੇ ਨੂੰ ਨਿਪਟਾਉਣ ਲਈ ਸਿੰਘ ਸਾਹਿਬਾਨਾਂ ਤੇ ਦਬਾਅ ਬਣਾ ਰਹੇ ਹਨ। ਧਾਮੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਨਜ਼ਰ ਆਣਗੇ। ਇਹਨਾਂ ਨੂੰ ਇਸ ਤਰਾਂ ਦੇ ਬੋਲ ਕਬੋਲ ਨਹੀਂ ਬੋਲਣੇ ਚਾਹੀਦੇ ਜਿਸ ਨਾਲ ਮੁੜ ਆਪਸ ਵਿੱਚ ਬੈਠਣ ਸਮੇਂ ਸ਼ਰਮਿੰਦਗੀ ਮਹਿਸੂਸ ਹੋਵੇ। ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜੋ ਇਲਜ਼ਾਮ ਲਗਾਏ ਗਏ ਹਨ, ਇਹ ਵੀ ਸ਼ਾਮਲ ਸਨ, ਉਸ ਸਮੇਂ ਇਹ ਮਲਾਈਆਂ ਖਾਂਦੇ ਰਹੇ ਹਨ ਤੇ ਅੱਜ ਇਹਨਾਂ ਨੂੰ ਸੁਧਾਰ ਯਾਦ ਆ ਗਿਆ ਹੈ।