ਲੁਧਿਆਣਾ : ਹੌਜ਼ਰੀ ਕਾਰੋਬਾਰੀ ਦੇ ਘਰ ਪਹਿਲੇ ਦਿਨ ਹੀ ਕੰਮ ਕਰਨ ਆਏ ਨੌਕਰਾਣੀ ਨੇ ਸਫਾਈ ਕਰਨ ਦੇ ਬਹਾਨੇ ਅਲਮਾਰੀ ਸਾਫ ਕਰ ਗਈ। ਕਾਰੋਬਾਰੀ ਬਿੰਦ੍ਰਾਬਨ ਰੋਡ ਦੇ ਵਾਸੀ ਵਿਪਨ ਕੁਮਾਰ ਦਾ ਕਹਿਣਾ ਹੈ ਕਿ ਨੌਕਰਾਣੀ ਉਨ੍ਹਾਂ ਦਾ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ ਕਰ ਗਈ ਹੈ। ਜਾਣਕਾਰੀ ਦਿੰਦਿਆਂ ਵਿਪਨ ਕੁਮਾਰ ਨੇ ਦੱਸਿਆ ਕਿ ਪੁਰਾਣੀ ਨੌਕਰਾਣੀ ਉਨ੍ਹਾਂ ਕੋਲ ਪਿਛਲੇ 14 ਸਾਲ ਤੋਂ ਕੰਮ ਕਰ ਰਹੀ ਹੈ ਜੋ ਕਿ ਹੁਣ ਬੇਹੱਦ ਬਿਮਾਰ ਰਹਿੰਦੀ ਹੈ। ਉਕਤ ਔਰਤ ਉਨ੍ਹਾਂ ਦੀ ਪੁਰਾਣੀ ਨੌਕਰਾਣੀ ਕੋਲ ਗਈ ਅਤੇ ਇਹ ਆਖਣ ਲੱਗ ਪਈ ਕਿ ਉਸ ਨੂੰ ਕੰਮ ਦੀ ਤਲਾਸ਼ ਹੈ।
ਪੁਰਾਣੀ ਨੌਕਰਾਣੀ ਨੇ ਔਰਤ ਨੂੰ ਕੰਮ ਕਰਨ ਲਈ ਵਿਪਨ ਕੁਮਾਰ ਦੇ ਘਰ ਲੈ ਆਈ। ਬਿਮਾਰ ਹੋਣ ਦੇ ਚਲਦੇ ਪੁਰਾਣੀ ਨੌਕਰਾਣੀ ਵਾਪਸ ਆਪਣੇ ਘਰ ਚਲੀ ਗਈ ਅਤੇ ਨਵੀਂ ਨੌਕਰਾਣੀ ਘਰ ਵਿੱਚ ਸਫ਼ਾਈ ਦਾ ਕੰਮ ਕਰਨ ਲੱਗ ਪਈ। ਪੋਚਾ ਲਗਾਉਂਦੇ ਹੋਏ ਉਹ ਬੈੱਡਰੂਮ ਵਿੱਚ ਗਈ ਅਤੇ ਅਲਮਾਰੀ ਦੀਆਂ ਚਾਬੀਆਂ ਚੋਰੀ ਕਰ ਲਈਆਂ। ਬੜੇ ਹੀ ਸ਼ਾਤਰ ਢੰਗ ਨਾਲ ਔਰਤ ਨੇ ਅਲਮਾਰੀ ਚੋਂ ਨਕਦੀ ਤੇ ਸੋਨਾ ਚੋਰੀ ਕੀਤਾ ਅਤੇ ਤਕਰੀਬਨ ਸਵਾ ਘੰਟੇ ਬਾਅਦ ਫਰਾਰ ਹੋ ਗਏ। ਅਲਮਾਰੀ ਖੁੱਲੀ ਦੇਖ ਪਰਿਵਾਰਕ ਮੈਂਬਰਾਂ ਨੂੰ ਸਮਝਦਿਆਂ ਦੇਰ ਨਾ ਲੱਗੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਝਾਤੀ ਮਾਰਨ ਤੇ ਸਾਰਾ ਮਾਮਲਾ ਸ਼ੀਸ਼ੇ ਵਾਂਗ ਸਾਫ਼ ਹੋ ਗਿਆ। ਉਧਰ ਇਸ ਮਾਮਲੇ ਵਿੱਚ ਸਬ ਇੰਸਪੈਕਟਰ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕਈ ਦਿਨਾਂ ਦੀ ਤਫਤੀਸ਼ ਤੋਂ ਬਾਅਦ ਅਣਪਛਾਤੀ ਔਰਤ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਕਾਰੋਬਾਰੀ ਵਿਪਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜ਼ਰੀਏ ਜਦ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਔਰਤ ਨੇ ਕਈ ਥਾਵਾਂ ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।