ਜਗਰਾਓਂ : ਸਥਾਨਕ ਸ਼ਹਿਰ ’ਚ ਸਵੇਰੇ-ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਰਾਏਕੋਟ ਰੋਡ ਦੇ ਨੇੜੇ ਸਾਇੰਸ ਕਾਲਜ ਕੋਲ ਹੋਏ ਇਸ ਹਾਦਸੇ ’ਚ ਸ਼ਹਿਰ ਸਨਮਤੀ ਵਿਮਲ ਜੈਨ ਸਕੂਲ ਦੀ ਤੇਜ਼ ਰਫਤਾਰ ਵੈਨ, ਜੋ ਕਿ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾ ਰਹੀ ਸੀ ਅਤੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਦਰੱਖਤ ਨਾਲ ਟਕਰਾ ਕੇ ਪੂਰੀ ਵੈਨ ਚਕਨਾਚੂਰ ਹੋ ਗਈ। ਇਸ ਦੋਰਾਨ ਪਹਿਲੀ ਜਮਾਤ ਦਾ ਵਿਦਿਆਰਥੀ 7 ਸਾਲ ਦਾ ਬੱਚਾ ਗੁਰਮਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਅਖਾੜਾ ਵੈਨ ਦੇ ਵਿੱਚੋਂ ਬਾਹਰ ਜਾ ਡਿੱਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਬੱਚੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਹਾਦਸੇ ਤੋਂ ਬਾਅਦ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਹੋਰ ਲੋਕਾਂ ਨੇ ਵੈਨ ਡਰਾਈਵਰ ਅਤੇ ਸਕੂਲ ਖਿਲਾਫ ਕਾਰਵਾਈ ਨੂੰ ਲੈ ਕੇ ਹਾਦਸੇ ਵਾਲੀ ਥਾਂ ’ਤੇ ਹੀ ਬੱਚੇ ਦੀ ਲਾਸ਼ ਰੱਖਕੇ ਧਰਨਾ ਲਾ ਦਿੱਤਾ, ਜਿਸ ਕਾਰਨ ਬਰਨਾਲਾ-ਜਗਰਾਓਂ ਰੋਡ ਜਾਮ ਹੋ ਗਿਆ। ਇਸ ਦੋਰਾਨ ਐੱਸਡੀਐੱਮ ਗੁਰਵੀਰ ਕੋਹਲੀ, ਡੀਐੱਸਪੀ ਸੰਦੀਪ ਵਡੇਰਾ ਸਮੇਤ ਉੱਚ ਪੁਲਿਸ ਅਧਿਕਾਰੀ ਵੀ ਮੋਕੇ ’ਤੇ ਪੁੱਜੇ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਮਾਮਲੇ ਸਬੰਧੀ ਪੁਲਿਸ ਵੱਲੋਂ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ ਸੁਪ੍ਰੀਆ ਖੁਰਾਨਾ ਅਤੇ ਵੈਨ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਲੁਧਿਆਣਾ ਦਿਹਾਤ ਪੁਲਿਸ ਦੇ ਡੀਐਸਪੀ ਸੰਦੀਪ ਵਡੇਰਾ ਨੇ ਧਰਨਾ ਖਤਮ ਕਰਾਉਂਦੇ ਦੱਸਿਆ ਕਿ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਸੁਪਰੀਆ ਖੁਰਾਨਾ ਅਤੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ।
ਪ੍ਰਸ਼ਾਸਨ ਵੱਲੋਂ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਦੇ ਨਾਲ-ਨਾਲ ਜਖਮੀ ਬੱਚਿਆਂ ਦਾ ਇਲਾਜ ਵੀ ਮੁਫਤ ਕਰਨ ਦਾ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ। ਇਸ ਹਾਦਸੇ ’ਚ ਜਖਮੀ 6 ਬੱਚੇ ਜਿੰਨ੍ਹਾਂ ਵਿੱਚੋਂ ਕੁਝ ਘਰ ਭੇਜ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਵੀ ਹਸਪਤਾਲੋਂ ਜਲਦ ਛੁੱਟੀ ਕਰਕੇ ਘਰ ਭੇਜ ਦਿੱਤਾ ਜਾਵੇਗਾ। ਮ੍ਰਿਤਕ ਬੱਚਾ ਜਿਸ ਸਕੂਲ ਵਿੱਚ ਪੜ੍ਹਦਾ ਸੀ ਉਸ ਸਕੂਲ ਵਿੱਚ ਵੀ ਦੋ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਕੂਲੀ ਬੱਸਾਂ ਵੀ ਦੋ ਦਿਨ ਦੀ ਛੁੱਟੀ ’ਤੇ : ਇਸ ਹਾਦਸੇ ਤੋਂ ਬਾਅਦ ਜਗਰਾਓਂ ਸਕੂਲ ਬੱਸ ਡਰਾਈਵਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਮ੍ਰਿਕਤ ਬੱਚੇ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਐਲਾਨ ਕੀਤਾ ਕਿ ਸਕੂਲ ਵੈਨ ਐਸੋਸੀਏਸ਼ਨ ਵੱਲੋਂ ਦੋ ਦਿਨ ਲਈ ਕੋਈ ਵੀ ਸਕੂਲ ਵੈਨ ਨਹੀਂ ਚੱਲੇਗੀ।
ਉਨ੍ਹਾਂ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਦੋ ਦਿਨ ਲਈ ਮਾਪੇ ਆਪਣੇ ਬੱਚਿਆਂ ਨੂੰ ਖੁਦ ਹੀ ਸਕੂਲ ਛੱਡ ਕੇ ਅਤੇ ਲੈ ਕੇ ਆਉਣ। ਹਾਦਸੇ ਵਾਲੀ ਬੱਸ ਦਾ ਕੁਝ ਦਿਨ ਪਹਿਲਾਂ ਹੀ ਕੱਟਿਆ ਗਿਆ ਸੀ ਚਲਾਨ : ਜਗਰਾਓਂ ਦੇ ਟ੍ਰੈਫਿਕ ਇੰਚਾਰਜ ਕੁਮਾਰ ਸਿੰਘ ਅਨੂਸਾਰ ਇਸ ਹਾਦਸੇ ਵਾਲੀ ਬੱਸ ਦਾ ਕੁਝ ਪਹਿਲਾਂ ਹੀ ਨਿਯਮਾਂ ਦੀ ਉਲੰਘਣਾ ਦੇ ਚਲਦਿਆਂ ਚਲਾਨ ਕੱਟਿਆ ਗਿਆ ਸੀ। ਬਾਬੂਸ਼ਾਹੀ ਵਲੋਂ ਪਹਿਲਾਂ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਜਿਹੇ ਸਕੂਲਾਂ ਦੀਆਂ ਖਬਰਾਂ ਨੂੰ ਪ੍ਰਮੁਖਤਾ ਨਾਲ ਛਾਪਿਆ ਜਾ ਚੁੱਕਿਆ ਹੈ ਜੇ ਕਰ ਪ੍ਰਸ਼ਾਸਨ ਇੰਨਾ ਖਬਰਾਂ ਦੀ ਸੱਚਾਈ ਨੂੰ ਸਮਝਦਾ ਤਾਂ ਅੱਜ ਇੱਕ ਮਸੂਮ ਜਿੰਦਗੀ ਮੌਤ ਦੇ ਮੂੰਹ ਵਿੱਚੋਂ ਜਾਨ ਤੋਂ ਬਚ ਜਾਂਦੀ।