ਗੁਰਦਾਸਪੁਰ : ਗੁਰਦਾਸਪੁਰ ਵਿੱਚ ਸ਼ਰੇਆਮ ਲੁੱਟਾਂ ਖੋਹਾਂ ਅਤੇ ਚੋਰੀਆਂ ਦਾ ਸਿਲਸਿਲਾ ਜਾਰੀ ਹੈ। ਅੱਜ ਫੇਰ ਚੋਰਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿਚ ਸਥਿੱਤ ਰੋਹਿਤ ਟੈਲੀਕੋਮ ਦੀ ਦੁਕਾਨ ਨੂੰ ਸਵੇਰੇ ਤੜਕਸਾਰ ਪੰਜ ਵੱਜੇ ਦੇ ਕਰੀਬ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇਆਂ ਵਿੱਚ ਵੀ ਕੈਦ ਹੋ ਗਈ ਹੈ, ਜਿਸ ਵਿੱਚ ਪੰਜ ਨੌਜਵਾਨ ਸਾਫ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਜਤਾਉਂਦਿਆਂ ਹੋਇਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਚੋਰੀ ਨੂੰ ਜਲਦ ਟਰੇਸ ਨਾ ਕੀਤਾ ਗਿਆ ਤਾਂ ਗੁਰਦਾਸਪੁਰ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਅਤੇ 2024 ਦੀਆਂ ਚੋਣਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ।
ਪੀੜ੍ਹਤ ਦੁਕਾਨਦਾਰ ਰੋਹਿਤ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਦੁਕਾਨ ਨੂੰ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਸ਼ਟਰ ਦੇ ਤਾਲੇ ਤੋੜ ਕੇ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਨੇ ਦੱਸਿਆ ਕਿ ਦੁਕਾਨ ਵਿੱਚ ਰੱਖੇ ਗਏ ਨਵੇਂ ਮਹਿੰਗੇ ਫੋਨਾਂ ਨੂੰ ਚੋਰੀ ਕੀਤਾ ਗਿਆ ਹੈ ਜਿਨਾਂ ਦੀ ਕੀਮਤ ਲਗਭਗ 25 ਲੱਖ ਰੁਪਏ ਦੇ ਕਰੀਬ ਹੈ। ਉੱਥੇ ਹੀ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਅਤੇ ਸਮਾਜ ਸੇਵਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਗੁੱਸਾ ਕੱਢਦਿਆਂ ਹੋਇਆ ਚੇਤਾਵਨੀ ਦਿੱਤੀ ਹੈ ਕਿ ਲਗਾਤਾਰ ਗੁਰਦਾਸਪੁਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨਹੀਂ ਸੁੱਤਾ ਹੋਇਆ ਹੈ।ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਚੋਰੀ ਨੂੰ ਟ੍ਰੇਸ ਨਾ ਕੀਤਾ ਗਿਆ ਤਾਂ ਵਪਾਰੀਆਂ ਵੱਲੋਂ ਸ਼ਹਿਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਅਤੇ 2024 ਦੀਆਂ ਚੋਣਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ।
ਦੂਜੇ ਪਾਸੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਹਰਸ਼ੰਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚ ਗਏ ਹਨ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਦੁਕਾਨਦਾਰ ਦੇ ਬਿਆਨ ਦਰਜ ਕਰ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਹਨਾਂ ਚੋਰਾਂ ਨੂੰ ਜਲਦ ਗਿਰਫਤਾਰ ਕਰ ਲਿਆ ਜਾਵੇਗਾ।