ਨਵੀਂ ਦਿੱਲੀ/ਮੁੰਬਈ : ਏਅਰ ਇੰਡੀਆ ਦੀ ਇਕ ਮਹਿਲਾ ਕੈਬਿਨ ਕਰੂ ਮੈਂਬਰ ’ਤੇ ਇਸ ਹਫਤੇ ਦੀ ਸ਼ੁਰੂਆਤ ’ਚ ਲੰਡਨ ਦੇ ਇਕ ਹੋਟਲ ’ਚ ਘੁਸਪੈਠੀਏ ਨੇ ਕਥਿਤ ਤੌਰ ’ਤੇ ਹਮਲਾ ਕਰ ਦਿਤਾ। ਸੂਤਰਾਂ ਮੁਤਾਬਕ ਏਅਰਲਾਈਨ ਇਸ ਮਾਮਲੇ ’ਤੇ ਸਥਾਨਕ ਪੁਲਿਸ ਨਾਲ ਗੱਲਬਾਤ ਕਰ ਰਹੀ ਹੈ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਏਅਰਲਾਈਨ ਇਕ ਪ੍ਰਮੁੱਖ ਕੌਮਾਂਤਰੀ ਕੰਪਨੀ ਵਲੋਂ ਸੰਚਾਲਿਤ ਇਕ ਹੋਟਲ ਵਿਚ ਗੈਰਕਾਨੂੰਨੀ ਤਰੀਕੇ ਨਾਲ ਘੁਸਪੈਠ ਦੀ ਘਟਨਾ ਤੋਂ ਬਹੁਤ ਪਰੇਸ਼ਾਨ ਹੈ, ਜਿਸ ਨਾਲ ਉਸ ਦੇ ਚਾਲਕ ਦਲ ਦੀ ਇਕ ਮੈਂਬਰ ਪ੍ਰਭਾਵਤ ਹੋਈ ਹੈ।
ਸੂਤਰਾਂ ਮੁਤਾਬਕ ਇਕ ਬੇਘਰ ਵਿਅਕਤੀ ਹੋਟਲ ਦੇ ਉਸ ਕਮਰੇ ’ਚ ਦਾਖਲ ਹੋਇਆ, ਜਿੱਥੇ ਇਕ ਮਹਿਲਾ ਕੈਬਿਨ ਕਰੂ ਮੈਂਬਰ ਰਹਿ ਰਹੀ ਸੀ ਅਤੇ ਉਸ ਨਾਲ ਬਦਸਲੂਕੀ ਕੀਤੀ। ਉਨ੍ਹਾਂ ਦਸਿਆ ਕਿ ਔਰਤ ਦੀਆਂ ਚੀਕਾਂ ਸੁਣ ਕੇ ਨੇੜਲੇ ਕਮਰਿਆਂ ’ਚ ਰਹਿ ਰਹੇ ਹੋਰ ਲੋਕ ਉੱਥੇ ਪਹੁੰਚੇ ਅਤੇ ਘੁਸਪੈਠੀਏ ਨੂੰ ਫੜ ਲਿਆ।
ਇਕ ਸੂਤਰ ਨੇ ਦਸਿਆ ਕਿ ਮਹਿਲਾ ਕੈਬਿਨ ਕਰੂ ਮੈਂਬਰ ਦਾ ਹੋਟਲ ਵਿਚ ਕਥਿਤ ਤੌਰ ’ਤੇ ਜਿਨਸੀ ਸੋਸ਼ਣ ਕੀਤਾ ਗਿਆ ਸੀ ਜਦਕਿ ਦੋ ਹੋਰ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਉਸ ’ਤੇ ਹਮਲਾ ਕੀਤਾ ਗਿਆ ਸੀ।
ਸੂਤਰਾਂ ਮੁਤਾਬਕ ਇਹ ਘਟਨਾ ਲੰਡਨ ਦੇ ਹੀਥਰੋ ਹਵਾਈ ਅੱਡੇ ਨੇੜੇ ਇਕ ਹੋਟਲ ’ਚ ਵਾਪਰੀ। ਉਨ੍ਹਾਂ ਦਸਿਆ ਕਿ ਪੀੜਤਾ ਭਾਰਤ ਵਾਪਸ ਆ ਗਈ ਹੈ ਅਤੇ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਏਅਰਲਾਈਨ ਦੇ ਕਰਮਚਾਰੀਆਂ ਨੇ ਏਅਰਲਾਈਨ ਦੇ ਅੰਦਰੂਨੀ ਸੰਚਾਰ ਮੰਚ ’ਤੇ ਸੁਰੱਖਿਆ ਮੁੱਦਿਆਂ ਬਾਰੇ ਸ਼ਿਕਾਇਤ ਕੀਤੀ। ਇਕ ਸੂਤਰ ਨੇ ਦਸਿਆ ਕਿ ਇਕ ਸ਼ਿਕਾਇਤ ’ਚ ਦਾਅਵਾ ਕੀਤਾ ਗਿਆ ਹੈ ਕਿ ਹੋਟਲ ਦਾ ਸਟਾਫ ਰਾਤ ਨੂੰ ਉਪਲਬਧ ਨਹੀਂ ਸੀ ਅਤੇ ਇਮਾਰਤ ’ਚ ਲੋਕਾਂ ਦੀ ਆਵਾਜਾਈ ’ਤੇ ਕੋਈ ਕੰਟਰੋਲ ਨਹੀਂ ਸੀ।
ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਅਪਣੇ ਮੁਲਾਜ਼ਮਾਂ ਨੂੰ ਪੇਸ਼ੇਵਰ ਸਲਾਹ-ਮਸ਼ਵਰੇ ਸਮੇਤ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਬਿਆਨ ਮੁਤਾਬਕ, ‘‘ਏਅਰ ਇੰਡੀਆ ਇਸ ਮਾਮਲੇ ਨੂੰ ਕਾਨੂੰਨੀ ਤੌਰ ’ਤੇ ਅੱਗੇ ਵਧਾਉਣ ਅਤੇ ਇਹ ਯਕੀਨੀ ਬਣਾਉਣ ਲਈ ਸਥਾਨਕ ਪੁਲਿਸ ਅਤੇ ਹੋਟਲ ਪ੍ਰਬੰਧਨ ਨਾਲ ਮਿਲ ਕੇ ਕੰਮ ਕਰ ਰਹੀ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਅਸੀਂ ਬੇਨਤੀ ਕਰਦੇ ਹਾਂ ਕਿ ਇਸ ਘਟਨਾ ’ਚ ਸ਼ਾਮਲ ਲੋਕਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ।’