ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਕੈਬਨਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਆਖਰਕਾਰ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਪਾਸੋਂ ਮਾਫੀ ਮੰਗ ਲਈ ਹੈ I ਨਤਮਸਤਕ ਹੋਣ ਪਹੁੰਚੇ ਲਾਲਜੀਤ ਸਿੰਘ ਭੁੱਲਰ ਨੇ ਪਹਿਲਾਂ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਉਪਰੰਤ ਜੋੜਾ ਘਰ ਵਿਖੇ ਜਾ ਕੇ ਜੋੜਿਆਂ ਦੀ ਸੇਵਾ ਕੀਤੀ। ਇਸ ਦੌਰਾਨ ਲਾਲਜੀਤ ਸਿੰਘ ਭੁੱਲਰ ਬੁੰਗਾ ਰਾਮਗੜੀਆ ਵਿਖੇ ਵੀ ਗਏ। ਗੱਲਬਾਤ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਦਿਨੀ ਇਕ ਰੈਲੀ ਦੌਰਾਨ ਉਨ੍ਹਾਂ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆਂ ਭਾਈਚਾਰੇ ਪ੍ਰਤੀ ਜਾਣੇ-ਅਣਜਾਣੇ ਕੁਝ ਗੱਲਾਂ ਕਹਿ ਦਿੱਤੀਆਂ ਸਨ ਜਿਸ ਦਾ ਉਨ੍ਹਾਂ ਨੂੰ ਅਫਸੋਸ ਹੈ। ਉਨ੍ਹਾਂ ਕਿਹਾ ਕਿ ਮੇਰੀ ਕਿਸੇ ਭਾਈਚਾਰੇ ਵਿਰੁੱਧ ਗੱਲ ਕਰਨ ਦੀ ਕਦੀ ਵੀ ਦਿਲੀ ਇੱਛਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾ ਹਾਂ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹੋਈ ਇਸ ਜਾਣੇ ਅਣਜਾਣੇ ਭੁੱਲ ਲਈ ਮੈਂ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਪਾਸੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਆਸ ਹੈ ਕਿ ਦੋਨੋਂ ਭਾਈਚਾਰੇ ਆਪਣਾ ਵਡੱਪਣ ਦਿਖਾਉਂਦੇ ਹੋਏ ਮੇਰੀ ਹੋਈ ਇਸ ਭੁੱਲ ਲਈ ਮਾਫ਼ ਕਰ ਦੇਣਗੇ।