ਮੁੰਬਈ : ਕਈ ਦਿਨਾਂ ਤੋਂ ਵਿਵਾਦਾਂ ’ਚ ਰਹੀ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ (Emergency) ਦੀ ਰਿਲੀਜ਼ ਇਕ ਵਾਰ ਫਿਰ ਟਾਲ ਦਿੱਤੀ ਗਈ ਹੈ। ਭਾਵ ਫਿਲਮ ਮਿੱਥੀ ਤਰੀਕ ਅਨੁਸਾਰ ਛੇ ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਨਹੀਂ ਹੋਵੇਗੀ। 1975 ’ਚ ਦੇਸ਼ ’ਚ ਲਗਾਈ ਗਈ ਐਮਰਜੈਂਸੀ (Emergency) ’ਤੇ ਆਧਾਰਿਤ ਇਸ ਫਿਲਮ ’ਚ ਕੰਗਨਾ(Kangana Ranaut) ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indra gandhi)ਦੀ ਭੂਮਿਕਾ ਨਿਭਾਈ ਹੈ। ਫਿਲਮ ਨਾਲ ਜੁੜੇ ਸੂਤਰਾਂ ਨੇ ਰਿਲੀਜ਼ ਦੀ ਤਰੀਕ ਟਾਲਣ ਦੀ ਗੱਲ ਕਹੀ ਹੈ। ਉਨ੍ਹਾਂ ਅਨੁਸਾਰ, ਇਸ ਸਬੰਧ ’ਚ ਸੋਮਵਾਰ ਨੂੰ ਫਿਲਮ ਦੀ ਟੀਮ ਬਿਆਨ ਜਾਰੀ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਨਿਵਾਸੀ ਗੁਰਿੰਦਰ ਸਿੰਘ ਤੇ ਗੁਰਮੋਹਨ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ(High Court) ’ਚ ਜਨਹਿੱਤ ਪਟੀਸ਼ਨ ਦਾਖਲ ਕਰ ਕੇ ਇਸ ਫਿਲਮ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਫਿਲਮ ’ਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਹਾਲ ਹੀ ਵਿਚ ਕੰਗਨਾ ਨੇ ਐਕਸ ’ਤੇ ਜਾਰੀ ਕੀਤੀ ਵੀਡੀਓ ’ਚ ਫਿਲਮ ਨੂੰ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ)(CBFC) ਵੱਲੋਂ ਸਰਟੀਫਿਕੇਟ ਨਾ ਮਿਲਣ ਦੀ ਗੱਲ ਵੀ ਕਹੀ ਸੀ। ਫਿਲਮ ’ਚ ਕੰਗਨਾ ਤੋਂ ਇਲਾਵਾ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਿਲਿੰਦ ਸੋਨਮ, ਮਹਿਮਾ ਚੌਧਰੀ ਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਵੀ ਨਜ਼ਰ ਆਉਣਗੇ।